
–ਇਸ ਸਾਲ ਗਰਮੀ ਦੇ ਮੌਸਮ ਵਿਚ ਜਿਥੇ ਗਰਮੀ ਵਿਚ ਹੋਏ ਵਾਧੇ ਨੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ, ਉਥੇ ਪੂਰੇ ਜੂਨ ਮਹੀਨੇ ਦੌਰਾਨ ਪੰਜਾਬ ਅਤੇ ਹਰਿਆਣਾ ’ਚ ਔਸਤ ਤੋਂ ਕਾਫ਼ੀ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ਦੋਵਾਂ ਸੂਬਿਆਂ ’ਚ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਚੰਡੀਗੜ੍ਹ ਅੰਦਰ ਪਿਛਲੇ 12 ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤਹਿਤ ਪੰਜਾਬ ਅਤੇ ਹਰਿਆਣਾ ’ਚ ਇਸ ਸਾਲ 46 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ’ਚੋਂ ਪੰਜਾਬ ਵਿਚ ਇਸ ਸਾਲ ਜੂਨ ਮਹੀਨੇ ’ਚ 54.5 ਮਿਲੀਮੀਟਰ ਦੀ ਆਮ ਬਾਰਿਸ਼ ਦੇ ਮੁਕਾਬਲੇ ਸਿਰਫ 29.2 ਮਿਲੀਮੀਟਰ ਬਾਰਿਸ਼ ਹੋਈ ਹੈ। ਜੇਕਰ ਪਿਛਲੇ ਸਾਲਾਂ ਦੌਰਾਨ ਜੂਨ ਮਹੀਨੇ ਹੋਈ ਬਾਰਿਸ਼ ਦੀ ਘੋਖ ਕੀਤੀ ਜਾਵੇ ਤਾਂ ਆਮ ਦੇ ਮੁਕਾਬਲੇ 2020 ਵਿਚ 9 ਫੀਸਦੀ, 2021 ’ਚ 1 ਫੀਸਦੀ ਅਤੇ 2022 ਵਿਚ 28 ਫੀਸਦੀ ਘੱਟ ਬਾਰਿਸ਼ ਹੋਈ ਸੀ। ਜਦੋਂ ਕਿ 2023 ’ਚ 21 ਫੀਸਦੀ ਸਰਪਲੱਸ ਬਾਰਿਸ਼ ਹੋਈ ਸੀ।
ਇਸ ਤੋਂ ਪਹਿਲਾਂ ਪੰਜਾਬ ਨੂੰ 2009 ’ਚ 76.7 ਫੀਸਦੀ ਅਤੇ 2012 ਦੌਰਾਨ 73.6 ਫੀਸਦੀ ਬਾਰਿਸ਼ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ। 2000 ਤੋਂ 2024 ਤੱਕ ਪੰਜਾਬ ’ਚ ਜੂਨ ਵਿਚ ਸਭ ਤੋਂ ਵੱਧ 162.9 ਮਿਲੀਮੀਟਰ ਅਤੇ 2011 ਅਤੇ 2008 ਵਿਚ 155.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਕ੍ਰਮਵਾਰ 259.9 ਫੀਸਦੀ ਅਤੇ 243.5 ਫੀਸਦੀ ਜ਼ਿਆਦਾ ਸੀ।