ਦੂਜੇ ਪੜਾਅ ’ਚ ਮਹਾਰਾਸ਼ਟਰ ’ਚ ਕਿੰਨੀ ਸੌਖੀ ਹੈ ਭਾਜਪਾ ਦੀ ਰਾਹ!

ਲੋਕ ਸਭਾ ਚੋਣਾਂ ’ਚ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਹਿਲੇ ਪੜਾਅ ’ਚ ਘੱਟ ਵੋਟਿੰਗ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪ੍ਰੇਸ਼ਾਨ ਹੋ ਕੇ ਇਹ ਮੁਲਾਂਕਣ ਕਰਨ ’ਚ ਲੱਗੀਆਂ ਹਨ ਕਿ ਉਨ੍ਹਾਂ ਨੂੰ ਵੋਟਿੰਗ ਪੈਟਰਨ ਤੋਂ ਕਿੰਨਾ ਨੁਕਸਾਨ ਜਾਂ ਲਾਭ ਹੋਵੇਗਾ। ਇਸ ਦੌਰਾਨ ਭਾਜਪਾ 26 ਅਪ੍ਰੈਲ ਨੂੰ ਹੋਣ ਵਾਲੀ ਦੂਜੇ ਪੜਾਅ ਦੀ ਵੋਟਿੰਗ ਨੂੰ ਲੈ ਕੇ ਹੋਰ ਰੱਖਿਆਤਮਕ ਹੋ ਗਈ ਹੈ। ਖਾਸ ਕਰ ਕੇ ਮਹਾਰਾਸ਼ਟਰ ’ਚ ਪਹਿਲੇ ਦੌਰ ਦੀਆਂ ਚੋਣਾਂ ’ਚ ਘੱਟ ਵੋਟਿੰਗ ਤੋਂ ਬਾਅਦ ਭਾਜਪਾ ਚੌਕਸ ਹੈ। ਰਿਪੋਰਟ ਮੁਤਾਬਕ ਦੂਜੇ ਦੌਰ ਦੀਆਂ ਚੋਣਾਂ ’ਚ ਵਿਦਰਭ ਦੀਆਂ ਪੰਜ ਅਤੇ ਮਰਾਠਵਾੜਾ ਦੀਆਂ ਤਿੰਨ ਸੀਟਾਂ ’ਤੇ ਚੋਣਾਂ ਹਨ ਪਰ ਇਨ੍ਹਾਂ ’ਚੋਂ ਕਈਆਂ ’ਤੇ ਭਾਜਪਾ ਨੂੰ ਸਖਤ ਸੰਘਰਸ਼ ਕਰਨਾ ਪੈ ਰਿਹਾ ਹੈ।

ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿਚ ਇਨ੍ਹਾਂ ਚੋਣਾਂ ’ਚ ਸਭ ਤੋਂ ਵੱਡਾ ਫੈਕਟਰ ਦਲਿਤ, ਮਰਾਠਾ-ਮੁਸਲਿਮ ਅਤੇ ਕੁਨਬੀ (ਡੀ. ਐੱਮ. ਕੇ.) ਹੈ। ਦਰਅਸਲ ਸੂਬੇ ’ਚ ਦਲਿਤ ਵੋਟਰ ਵਿਦਰਭ ਅਤੇ ਮਰਾਠਵਾੜਾ ’ਚ ਫੈਸਲਾਕੁੰਨ ਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਵਿਰੋਧੀ ਧਿਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਦਲਣ ਦਾ ਪ੍ਰਚਾਰ ਭਾਜਪਾ ਦੀ ਰਾਹ ’ਚ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਇਨ੍ਹਾਂ ਇਲਾਕਿਆਂ ’ਚ ਇਹ ਗੱਲ ਫੈਲਣ ਲੱਗੀ ਹੈ ਕਿ ਜੇਕਰ ਭਾਜਪਾ ਸੱਤਾ ’ਚ ਆਈ ਹੈ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਦਲ ਦੇਵੇਗੀ। ਹਾਲਾਂਕਿ ਪੀ. ਐੱਮ. ਮੋਦੀ ਵਾਰ-ਵਾਰ ਦੁਹਰਾ ਰਹੇ ਹਨ ਕਿ ਸੰਵਿਧਾਨ ਨੂੰ ਕੋਈ ਵੀ ਤਾਕਤ ਨਹੀਂ ਬਦਲ ਸਕਦੀ ਪਰ ਦਲਿਤਾਂ ’ਚ ਬਾਬਾ ਸਾਹਿਬ ਦਾ ਦਰਜਾ ਰੱਬ ਤੋਂ ਘੱਟ ਨਹੀਂ ਹੈ, ਇਸ ਲਈ ਉਹ ਭਾਵੇਂ ਨਵਬੌਧ ਹੋਣ ਜਾਂ ਦਲਿਤ, ਸੰਵਿਧਾਨ ਨਾਲ ਛੇੜਛਾੜ ਦੀ ਗੱਲ ਜੇਕਰ ਉਨ੍ਹਾਂ ਦੇ ਦਿਮਾਗ ’ਚ ਆ ਗਈ ਤਾਂ ਚੋਣਾਂ ਦਾ ਰੁਖ ਬਦਲ ਸਕਦਾ ਹੈ। ਬਾਬਾ ਸਾਹਿਬ ਅੰਬੇਡਕਰ ਦੇ ਪੋਤੇ ਅਤੇ ਵੰਚਿਤ ਬਹੁਜਨ ਅਾਘਾੜੀ ਦੇ ਨੇਤਾ ਪ੍ਰਕਾਸ਼ ਅੰਬੇਡਕਰ ਆਪਣੀ ਹਰ ਸਭਾ ’ਚ ਭਾਜਪਾ ਤੋਂ ਸੰਵਿਧਾਨ ਨੂੰ ਖਤਰਾ ਹੋਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ। ਵਿਰੋਧੀ ਧਿਰ ਕਹਿ ਰਹੀ ਹੈ ਕਿ ਜੇਕਰ ਭਾਜਪਾ ਅਤੇ ਮੋਦੀ ਸੱਤਾ ’ਚ ਵਾਪਸ ਆਉਂਦੇ ਹਨ ਤਾਂ ਅਗਲੀ ਵਾਰ ਚੋਣਾਂ ਨਹੀਂ ਹੋਣਗੀਆਂ।

Leave a Reply

Your email address will not be published. Required fields are marked *