
ਕਿਸਾਨ ਭਰਾਵਾਂ ਲਈ ਇਹ ਵੀ ਕੁਦਰਤ ਦੀ ਮਾਰ ਹੈ ਕਿ ਮੌਸਮ ਦੇ ਮੁੜ ਬਦਲੇ ਮਿਜ਼ਾਜ ਨੇ ਪੱਕੀ ਕਣਕ ਦੌਰਾਨ ਵੀ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੇ-ਮੌਸਮੀ ਬਾਰਿਸ਼ ਦੇ ਡਰ ਤੋਂ ਕਿਸਾਨਾਂ ਵਲੋਂ ਕਣਕ ਦੀ ਕਟਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਜ਼ੀਰਾ ਤੇ ਆਸ-ਪਾਸ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਧੜੱਲੇ ਨਾਲ ਸ਼ੁਰੂ ਹੋ ਗਈ ਹੈ। ਅਫਸੋਸ ਕਿ ਇਸ ਵਾਰ ਠੰਢ ਜ਼ਿਆਦਾ ਦੇਰ ਰਹਿਣ ਕਾਰਨ ਅਤੇ ਕਈ ਥਾਈਂ ਪਈਆਂ ਕਣੀਆਂ ਕਾਰਨ ਵਾਤਾਵਰਣ ਹੋਰ ਠੰਢਾ ਹੋ ਗਿਆ ਹੈ।
ਇਸ ਕਾਰਨ ਕਣਕ ਵਿਚ ਨਮੀ ਹੈ ਅਤੇ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਖਰੀਦ ਏਜੰਸੀਆਂ ਕੰਨੀ ਕਤਰਾਉਣ ਲੱਗ ਪਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਮੋਟੇ ਮੱਛਰਾਂ ਵਿਚ ਰਾਤਾ ਮੰਡੀਆਂ ਵਿਚ ਬੈਠ ਕੇ ਕੱਟਣੀਆਂ ਪੈ ਰਹੀਆਂ ਹਨ। ਇਥੇ ਵਰਨਣਯੋਗ ਹੈ ਕਿ ਖਰੀਦ ਏਜੰਸੀਆਂ ਵਲੋਂ 12 ਨਮੀ ਤੱਕ ਕਣਕ ਦੀ ਖਰੀਦ ਹੀ ਕੀਤੀ ਜਾਣੀ ਹੈ ਪਰ ਕਣਕ ਦੀ ਨਮੀ 14 ਤੋਂ 20-22 ਤੱਕ ਆ ਰਹੀ ਹੈ ਜਿਸ ਕਾਰਨ ਖਰੀਦ ਏਜੰਸੀਆਂ ਵੀ ਕਣਕ ਨਾ ਖਰੀਦਣ ਲਈ ਮਜਬੂਰ ਹਨ।