ਟਿਕਟਾਂ ਨੂੰ ਲੈ ਕੇ ਹਰਿਆਣਾ ਕਾਂਗਰਸ ਦੇ ਨੇਤਾ ਭਿੜੇ, ਸੋਨੀਆ ਸੁਲਝਾਏਗੀ ਮਸਲਾ

ਅੱਜ ਪਹਿਲੇ ਪੜਾਅ ਦੀਆਂ ਵੋਟਾਂ ਪੈ ਰਹੀਆਂ ਹਨ, ਇਸ ਦਰਮਿਆਨ ਹਰਿਆਣਾ ਕਾਂਗਰਸ ਦੇ ਨੇਤਾ ਆਪਸ ਵਿਚ ਭਿੜ ਪਏ ਹਨ। ਇਸ ਨਾਲ ਸਾਰੀਆਂ 9 ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਵਿਚ ਦੇਰ ਹੋ ਰਹੀ ਹੈ। 10ਵੀਂ ਸੀਟ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ। ਅੰਦਰੂਨੀ ਕਲੇਸ਼ ਇੰਨਾ ਤੇਜ਼ ਹੋ ਗਿਆ ਹੈ ਕਿ ਨੇਤਾ ਸੋਨੀਆ ਗਾਂਧੀ ਦਾ ਦਰਵਾਜ਼ਾ ਖੜਕਾ ਰਹੇ ਹਨ।

ਇਹ ਖਿੱਚੋਤਾਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੀ ਅਗਵਾਈ ਵਾਲੇ ਧੜੇ ਅਤੇ ਐੱਸ. ਆਰ. ਕੇ. ਗਰੁੱਪ (ਸ਼ੈਲਜਾ, ਰਣਦੀਪ ਸੁਰਜੇਵਾਲਾ, ਕਿਰਨ ਚੌਧਰੀ) ਵਿਚਾਲੇ ਹੈ ਜੋ ਸੀਟਾਂ ਅਤੇ ਉਮੀਦਵਾਰਾਂ ’ਤੇ ਸਹਿਮਤ ਨਹੀਂ ਹੋ ਪਾ ਰਹੇ ਹਨ। ਜਦੋਂ ਕੇਂਦਰੀ ਚੋਣ ਕਮੇਟੀ ਨੂੰ ਆਪਸੀ ਲੜਾਈ ਦਾ ਪਤਾ ਲੱਗਾ ਤਾਂ ਉਸ ਨੇ ਹਰਿਆਣਾ ਵਿਚ ਟਿਕਟਾਂ ਦਾ ਮੁੱਦਾ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ’ਤੇ ਛੱਡਣ ਦਾ ਫੈਸਲਾ ਕੀਤਾ।

ਖਿੱਚੋਤਾਣ ਭਿਵਾਨੀ ਨੂੰ ਲੈ ਕੇ ਹੈ, ਜਿੱਥੋਂ ਹੁੱਡਾ ਕਿਰਨ ਚੌਧਰੀ ਨੂੰ ਚੋਣਾਂ ਲੜਾਉਣਾ ਚਾਹੁੰਦੇ ਹਨ ਜਦਕਿ ਉਹ ਆਪਣੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੇ ਹਨ। ਹੁੱਡਾ ਇਹ ਵੀ ਚਾਹੁੰਦੇ ਹਨ ਕਿ ਸਾਰੇ ਸੀਨੀਅਰ ਨੇਤਾ ਲੋਕ ਸਭਾ ਲਈ ਚੋਣ ਲੜਨ ਅਤੇ ਉਹ ਆਪਣੇ ਰਾਜ ਸਭਾ ਸੰਸਦ ਮੈਂਬਰ ਬੇਟੇ ਦੀਪੇਂਦਰ ਹੁੱਡਾ ਨੂੰ ਰੋਹਤਕ ਸੀਟ ਤੋਂ ਮੈਦਾਨ ਵਿਚ ਉਤਾਰਨ ਦੇ ਚਾਹਵਾਨ ਹਨ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੂੰ ਵੀ ਅੰਬਾਲਾ ਜਾਂ ਸਿਰਸਾ ਤੋਂ ਵੀ ਚੋਣ ਲੜਨੀ ਚਾਹੀਦੀ ਹੈ।

ਦੱਸਿਆ ਜਾਂਦਾ ਹੈ ਕਿ ਕਿਰਨ ਚੌਧਰੀ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਸ਼ਰੂਤੀ ਨੂੰ ਭਿਵਾਨੀ ਤੋਂ ਚੋਣ ਲੜਨ ਦੀ ਅਪੀਲ ਕੀਤੀ ਹੈ। ਇਕ ਹੋਰ ਤਾਕਤਵਰ ਨੇਤਾ ਅਜੇ ਮਾਕਨ ਪਿਛਲੇ 50-55 ਸਾਲਾਂ ਤੋਂ ਬੰਸੀ ਲਾਲ ਪਰਿਵਾਰ ਨੂੰ ਜਾ ਰਹੀ ਸੀਟ ਦੀ ਥਾਂ ਭਿਵਾਨੀ ਤੋਂ ਇਕ ਨਵਾਂ ਚਿਹਰਾ ਚਾਹੁੰਦੇ ਹਨ। ਮਾਕਨ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੇ ਰਾਜ ਸਭਾ ਚੋਣਾਂ ਵਿਚ ਆਪਣੀ ਹਾਰ ਲਈ ਕਿਰਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਰਨਾਲ ਵਿਚ ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਸ਼ਰਮਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਜਾਵੇ ਜਦਕਿ ਹਾਈਕਮਾਂਡ ਚਾਹੁੰਦਾ ਹੈ ਕਿ ਸੀਨੀਅਰ ਲੋਕ ਚੋਣਾਂ ਲੜਨ।

Leave a Reply

Your email address will not be published. Required fields are marked *