
ਜਲੰਧਰ ਸ਼ਹਿਰ ’ਚ ਸਪੋਰਟਸ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਫੈਕਟਰੀ ਫੁੱਟਬਾਲ ਬਣਾਉਣ ਵਾਲੀ ਹੈ, ਜੋ ਲੈਦਰ ਕੰਪਲੈਕਸ ‘ਚ ਮੌਜੂਦ ਹੈ। ਅੱਗ ਇੰਨੀ ਭਿਆਨਕ ਲੱਗੀ ਕਿ ਆਲੇ-ਦੁਆਲੇ ਕਾਫ਼ੀ ਚੀਕ-ਚਿਹਾੜਾ ਮੱਚ ਗਿਆ। ਇਸ ਫੈਕਟਰੀ ਨਾਲ ਹੋਰ ਵੀ ਕਈ ਫੈਕਟਰੀਆਂ ਲੱਗਦੀਆਂ ਹਨ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਫੈਕਟਰੀ ਕਾਰਨ ਕਿਸੇ ਹੋਰ ਫੈਕਟਰੀ ਦਾ ਨੁਕਸਾਨ ਨਾ ਹੋ ਜਾਵੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਅੱਗ ਦੀਆਂ ਲਪਟਾਂ ਇੰਨੀਆਂ ਵੱਧ ਗਈਆਂ ਹਨ ਕਿ ਲੋਕ ਖ਼ਤਰੇ ‘ਚ ਪੈ ਗਏ ਹਨ। ਫੈਕਟਰੀ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਫੈਕਟਰੀ ‘ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਜਿਸ ਦੀਆਂ ਚਿਗਾੜੀਆਂ ਨਿਕਲਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਅੱਗ ਨੂੰ ਕਾਬੂ ਪਾਉਣ ਲਈ ਤੁਰੰਤ ਫਾਇਰ ਬਿਗ੍ਰੇਡ ਨੂੰ ਵੀ ਬੁਲਾਇਆ ਗਿਆ। ਫਾਇਰ ਬਿਗ੍ਰੇਡ ਦੀਆਂ 6 ਗੱਡੀਆਂ ਪਹੁੰਚੀਆਂ, ਜਿਨ੍ਹਾਂ ਵਲੋਂ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕਾਂ ‘ਚ ਕਾਫ਼ੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।