
ਬੀਤੀ ਸ਼ਨੀਵਾਰ ਨੂੰ ਸ਼ਹਿਰ ਦੀ ਪਾਸ਼ ਕਮਲਾ ਨਹਿਰੂ ਕਾਲੋਨੀ ਵਿਚ ਅੱਧੀ ਰਾਤ ਨੂੰ ਦੋ ਗੁੱਟ ਆਪਸ ’ਚ ਭਿੜ ਗਏ, ਜਿਸ ਦੌਰਾਨ ਇਨ੍ਹਾਂ ਨੇ ਗਲੀ ਵਿਚ ਖੜੀਆਂ ਦਰਜਨਾਂ ਕਾਰਾਂ, ਦੋਪਹੀਆ ਵਾਹਨਾਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਇਕ ਦਰਜਨ ਦੇ ਕਰੀਬ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਐੱਸ. ਐੱਸ. ਪੀ. ਸਿਟੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਮਲਾ ਨਹਿਰੂ ਕਾਲੋਨੀ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕੀਤਾ ਹੈ, ਜਿੱਥੇ ਉਨ੍ਹਾਂ ਨੇ ਲੋਕਾਂ ਦੀ ਜਾਇਦਾਦ ਦਾ ਨੁਕਸਾਨ ਵੀ ਕੀਤਾ ਹੈ।
ਦੱਸ ਦੇਈਏ ਕਿ ਇਹ ਲੜਾਈ ਰੈੱਡ ਕੁਆਟਰ ਦੇ ਕੋਲ ਹੋਈ ਜਿੱਥੇ ਸੈਂਕੜੇ ਗੁਜਰਾਤੀ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ’ਚ ਅਵੀ ਨਾਂ ਦਾ ਨੌਜਵਾਨ ਵੀ ਹੈ, ਜੋ ਇੰਸਟਾਗ੍ਰਾਮ ’ਤੇ ਵੀਡੀਓ ਬਣਾਉਂਦਾ ਹੈ ਅਤੇ ਉਸ ਦੇ ਵੱਡੀ ਗਿਣਤੀ ’ਚ ਫਾਲੋਅਰਜ਼ ਹਨ, ਜੋ ਝਗੜੇ ਦਾ ਮੁੱਖ ਕਾਰਨ ਵੀ ਹੈ। ਹਾਲਾਂਕਿ ਪੁਲਸ ਨੇ ਇਕ ਦਰਜਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਸ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਕਾਰਵਾਈ ਕਰੇਗੀ।