
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ‘ਚ ਸੱਤਾਧਾਰੀ ਭਾਜਪਾ ਪਾਰਟੀ ‘ਤੇ ਦੇਸ਼ ਵਿਚ ਇਕ ਨੇਤਾ ਦਾ ਵਿਚਾਰ ਥੋਪਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦਾ ਅਪਮਾਨ ਹੈ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਕਿਹਾ ਕਿ ਭਾਰਤ ਫੁੱਲਾਂ ਦੇ ਗੁਲਦਸਤੇ ਵਾਂਗ ਹੈ ਅਤੇ ਹਰ ਇਕ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਪੂਰੇ ਗੁਲਦਸਤੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਭਾਰਤ ਵਿਚ ਸਿਰਫ ਇਕ ਹੀ ਨੇਤਾ ਨਹੀਂ ਹੋਣਾ ਚਾਹੀਦਾ, ਇਹ ਵਿਚਾਰ ਹਰੇਕ ਯੁਵਾ ਭਾਰਤੀ ਦਾ ਅਪਮਾਨ ਹੈ। ਰਾਹੁਲ ਆਪਣੀ ਚੋਣ ਮੁਹਿੰਮ ਤਹਿਤ ਇਕ ਰੋਡ ਸ਼ੋਅ ਕਰਨ ਮਗਰੋਂ ਵਾਇਨਾਡ ਚੋਣ ਖੇਤਰ ਵਿਚ ਪਾਰਟੀ ਵਰਕਰਾਂ ਅਤੇ ਵੋਟਰਾਂ ਨੂੰ ਸੰਬੋਧਿਤ ਕਰ ਰਹੇ ਸਨ।ਰਾਹੁਲ ਨੇ ਕਿਹਾ ਕਿ ਕਾਂਗਰਸ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਆਸਥਾ, ਭਾਸ਼ਾ, ਧਰਮ, ਸੱਭਿਆਚਾਰ ਨਾਲ ਪਿਆਰ ਅਤੇ ਸਨਮਾਨ ਕਰਨਾ ਚਾਹੁੰਦੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਉੱਪਰੋਂ ਕੁਝ ਥੋਪਣਾ ਚਾਹੁੰਦੀ ਹੈ। ਸਾਨੂੰ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੀ ਵਿਚਾਰਧਾਰਾ ਦੀ ਵਜ੍ਹਾ ਤੋਂ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਮਿਲੀ।