
ਜ਼ਿਲ੍ਹਾ ਗੁਰਦਾਸਪੁਰ ਅੰਦਰ ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੁਲਸ ਨੇ ਕਮਰ ਕੱਸ ਲਈ ਹੈ ਅਤੇ ਚੋਣਾਂ ਤੋਂ ਕਰੀਬ 2 ਮਹੀਨੇ ਪਹਿਲਾਂ ਹੀ 1150 ਜਵਾਨ ਤਾਇਨਾਤ ਕਰ ਦਿੱਤੇ ਗਏ ਹਨ, ਜਿਨ੍ਹਾਂ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਅਤੇ ਦਰਜਨ ਦੇ ਕਰੀਬ ਸਪੈਸ਼ਲ ਨਾਕੇ ਲਗਾਏ ਜਾ ਰਹੇ ਹਨ।
ਐੱਸ. ਐੱਸ. ਪੀ. ਨੇ ਦੱਸਿਆ ਕਿ 24 ਘੰਟੇ ਹੀ ਪੁਲਸ ਮੁਸ਼ਤੈਦ ਹੈ, ਜਿਸ ਤਹਿਤ ਜ਼ਿਲੇ ਅੰਦਰ 3 ਇੰਟਰਾਡਿਸਟਿਕ ਨਾਕਿਆਂ ’ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ’ਤੇ ਬੀ. ਐੱਸ. ਐੱਫ. ਦੀ ਸੁਰੱਖਿਆ ਲਾਈਨ ਦੇ ਬਾਅਦ ਪੰਜਾਬ ਪੁਲਸ ਦੀ ਸੈਕਿੰਡ ਡਿਫੈਂਸ ਲਾਈਨ ’ਤੇ 6 ਸਪੈਸ਼ਲ ਨਾਕੇ ਲਗਾਏ ਗਏ ਹਨ ਤਾਂ ਜੋ ਸਰਹੱਦੀ ਖੇਤਰ ਤੋਂ ਕੋਈ ਵੀ ਸ਼ਰਾਰਤੀ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਇਸੇ ਤਰ੍ਹਾਂ ਵੱਖ-ਵੱਖ ਥਾਣਿਆਂ ਵਿਚ 12 ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ ਅਤੇ ਥਾਣਿਆਂ ਵਿਚ ਸਪੈਸ਼ਲ ਗੱਡੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਪੈਟਰੋਲਿੰਗ ਨਿਰੰਤਰ ਜਾਰੀ ਰਹਿ ਸਕੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਹੋਰ ਜਨਤਕ ਥਾਵਾਂ ’ਤੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਅੱਜ ਵੀ ਗੁਰਦਾਸਪੁਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਡਾਗ ਸਕੁਐਡ ਦੀ ਮਦਦ ਨਾਲ ਚੈਕਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਸਿਲਸਿਲਾ ਜਾਰੀ ਰਹੇਗਾ।