
ਜਾਪਾਨ ਵਿੱਚ ਸਿਹਤ ਉਤਪਾਦਾਂ ਨੂੰ ਵਾਪਸ ਲਏ ਜਾਣ ਦੇ ਇੱਕ ਹਫ਼ਤੇ ਵਿੱਚ ਸ਼ੁੱਕਰਵਾਰ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਓਸਾਕਾ ਸਥਿਤ ਕੋਬਾਯਾਸ਼ੀ ਫਾਰਮਾਸਿਊਟੀਕਲ ਕੰਪਨੀ ‘ਤੇ ਦੋਸ਼ ਹੈ ਕਿ ਉਸ ਨੂੰ ਇਹਨਾਂ ਉਤਪਾਦਾਂ ਨਾਲ ਸਮੱਸਿਆਵਾਂ ਬਾਰੇ ਜਨਵਰੀ ਦੇ ਸ਼ੁਰੂ ਵਿੱਚ ਹੀ ਪਤਾ ਲੱਗ ਗਿਆ ਸੀ ਪਰ ਇਸ ਸਬੰਧੀ ਪਹਿਲਾ ਜਨਤਕ ਐਲਾਨ 22 ਮਾਰਚ ਨੂੰ ਕੀਤਾ ਗਿਆ ਸੀ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਵਰਤਿਆ ਜਾਣ ਵਾਲਾ ‘ਬੇਨੀਕੋਜ਼ੀ ਕੋਲੈਸਟ ਹੈਲਪ’ ਸਮੇਤ ਕਈ ਉਤਪਾਦਾਂ ਦਾ ਸੇਵਨ ਕਰਨ ਤੋਂ ਬਾਅਦ 114 ਲੋਕਾਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।
ਬੇਨੀਕੋਜ਼ੀ ਕੋਲੈਸਟ ਹੈਲਪ ਵਿੱਚ ਬੇਨੀਕੋਜ਼ੀ ਨਾਮਕ ਸਮੱਗਰੀ ਮਿਲੀ ਹੈ, ਜੋ ਕਿ ਫੰਗਸ ਦੀ ਇੱਕ ਲਾਲ ਕਿਸਮ ਹੈ। ਇਸ ਹਫਤੇ ਦੇ ਸ਼ੁਰੂ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਸੀ। ਉਤਪਾਦ ਨਿਰਮਾਤਾ ਦੇ ਅਨੁਸਾਰ, ਕੁਝ ਲੋਕਾਂ ਨੂੰ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਨ ਤੋਂ ਬਾਅਦ ਕਿਡਨੀ ਵਿਚ ਸਮੱਸਿਆ ਪੇਸ਼ ਆਉਣ ਲੱਗੀ ਪਰ ਸਰਕਾਰੀ ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਅਸਲ ਕਾਰਨ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ। ਕੰਪਨੀ ਦੇ ਪ੍ਰਧਾਨ ਅਕੀਹੀਰੋ ਕੋਬਾਯਾਸ਼ੀ ਨੇ ਸ਼ੁੱਕਰਵਾਰ ਨੂੰ ਲੋਕਾਂ ਦੀ ਮੌਤ ਹੋਣ ਅਤੇ ਬਿਮਾਰ ਪੈਣ ਨੂੰ ਲੈ ਕੇ ਮਾਫ਼ੀ ਮੰਗੀ। ਕੰਪਨੀ ਨੇ ਬੇਨੀਕੋਜ਼ੀ ਸਮੱਗਰੀ ਵਾਲੇ ਕਈ ਹੋਰ ਉਤਪਾਦਾਂ ਨੂੰ ਬਾਜ਼ਾਰ ਤੋਂ ਵਾਪਸ ਲੈ ਲਿਆ ਹੈ।