
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਬੋਲਦਿਆਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਹਿਜ ਦੋ ਸਾਲਾ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਵਿਰੋਧੀ ਧਿਰ ਨੂੰ ਕਰੜੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਬਹਿਸ ਕਰਨ ਦੀ ਬਜਾਏ ਵਿਰੋਧੀ ਧਿਰ ਕੇਵਲ ਫੋਕੀ ਸ਼ੋਹਰਤ ਲਈ ਸਰਕਾਰ ਦੀ ਨਿਖੇਧੀ ਕਰ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਪਰ ਪੰਜਾਬ ਵਾਸੀ ਇਨ੍ਹਾਂ ਤੋਂ ਭਲੀਭਾਂਤ ਜਾਣੂ ਹਨ, ਜਿਸਦੇ ਚੱਲਦਿਆਂ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਜਾ ਕੇ ਬੇਸ਼ੁਮਾਰ ਪਿਆਰ ਦੇ ਕੇ ਨਿਵਾਜਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਵਰਗ ਦੇ ਹਿੱਤ ਵਿਚ ਫੈਸਲੇ ਲਏ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਮੰਤਵ ਨਾਲ ਖੇਡ ਸਟੇਡੀਅਮ ਉਸਾਰੇ ਗਏ ਹਨ। ਬੀਤੇ ਦਿਨੀਂ ਉਨ੍ਹਾਂ ਵਲੋਂ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਡੱਲਾ ਵਿਖੇ ਸ਼ਾਨਦਾਰ ਅਤਿ ਆਧੁਨਿਕ ਖੇਡ ਸਟੇਡੀਅਮ ਉਸਾਰਿਆ ਗਿਆ ਹੈ, ਜਿਸ ਵਿਚ ਖਿਡਾਰੀ ਵਾਲੀਬਾਲ, ਫੁੱਟਬਾਲ ਤੇ ਕਿਰਕਟ ਆਦਿ ਖੇਡਾਂ ਖੇਡਦੇ ਹਨ ਅਤੇ ਲੋਕ ਸਵੇਰੇ ਅਤੇ ਸ਼ਾਮ ਸੈਰ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਤੇ ਪਨਿਆੜ ਗੁਰਦਾਸਪੁਰ ਵਿਖੇ ਖੰਡ ਮਿੱਲ ਦੀ ਕਪੈਸ਼ਟੀ ਵਧਾਈ ਗਈ ਹੈ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਕਿਸਾਨ ਵਰਗ ਸਰਕਾਰ ਦੀ ਕਾਰੁਜਗਾਰੀ ਤੋਂ ਖੁਸ਼ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਵਿਚ 829 ਆਮ ਆਦਮੀ ਕਲੀਨਿਕ ਖੋਲੇ ਗਏ ਹਨ, ਜਿਥੇ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਵਿਚ ਮਰੀਜ਼ ਮੁਫਤ ਦਵਾਈ ਲੈ ਰਹੇ ਹਨ। ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਕੂਲ ਆਫ ਐਮੀਨੈਂਸ ਖੋਲੇ ਗਏ ਹਨ, ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ।