
ਮਹਾਨਗਰ ਜਲੰਧਰ 26 ਜੂਨ ਨੂੰ ਯੈਲੋ ਅਲਰਟ ਜ਼ੋਨ ’ਚ ਰਹੇਗਾ, ਜਦਕਿ ਗੁਆਂਢੀ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ’ਚ ਗ੍ਰੀਨ ਜ਼ੋਨ ਦਿਖਾਇਆ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਸ਼ਹਿਰਾਂ ’ਚ ਰਾਹਤ ਦੇਖਣ ਨੂੰ ਮਿਲੇਗੀ। ਖੁਸ਼ਕ ਹਵਾਵਾਂ ਦੀ ਵਧਦੀ ਤੀਬਰਤਾ ਕਾਰਨ ਦਿਨ ਵੇਲੇ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ, ਜਦੋਂ ਕਿ ਸੂਰਜ ਡੁੱਬਣ ਤੋਂ ਬਾਅਦ ਤਾਪਮਾਨ ਸਥਿਰ ਰਹਿੰਦਾ ਹੈ।
ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਰਾਤ ਦੇ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ, ਜੋ ਤਾਪਮਾਨ ’ਚ ਵਾਧੇ ਦਾ ਸੰਕੇਤ ਹੈ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਦੌਰਾਨ ਰਾਤ ਦੇ ਤਾਪਮਾਨ ’ਚ ਹੋਰ ਵਾਧਾ ਹੋਵੇਗਾ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਗਰਮੀ ਦੀ ਗੱਲ ਕਰੀਏ ਤਾਂ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਮੌਸਮ ‘ਚ ਬਦਲਾਅ ਆਉਣ ਦੇ ਸੰਕੇਤ ਮਿਲ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ’ਚ 1.3 ਦਾ ਬਦਲਾਅ ਆਇਆ ਹੈ।