ਕੋਵਿਡ ਤੋਂ ਪੀੜਤ ਰਹਿ ਚੁੱਕੇ ਭਾਰਤੀਆਂ ‘ਚੋਂ ਕਈਆਂ ਦੇ ਫੇਫੜੇ ਪ੍ਰਭਾਵਿਤ : ਅਧਿਐਨ

ਗੰਭੀਰ ਕੋਵਿਡ ਤੋਂ ਪੀੜਤ ਰਹਿ ਚੁੱਕੇ ਭਾਰਤੀਆਂ ਵਿਚੋਂ ਕਈਆਂ ਦੇ ਫੇਫੜੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧਿਆਂ ਨੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਕੀਤੀ ਹੈ। ਇਹ ਗੱਲ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਈ ਹੈ। ਇਹ ਚਿੰਤਾਜਨਕ ਸਿੱਟਾ ਹੈ, ਜਿਸ ਲਈ ਮਾਹਿਰ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਦੇ ਹਨ, ਜਿਸ ਵਿਚ ਵਿਅਕਤੀਆਂ ਦੇ ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਹੋਣਾ ਅਤੇ ਪ੍ਰਦੂਸ਼ਣ ਸ਼ਾਮਲ ਹੈ। ਕ੍ਰਿਸਚੀਅਨ ਮੈਡੀਕਲ ਕਾਲਜ, ਵੇਲੋਰ ਵੱਲੋਂ ਕੀਤਾ ਗਿਆ ਇਹ ਅਧਿਐਨ ਫੇਫੜਿਆਂ ‘ਤੇ ਕੋਵਿਡ -19 ਦੇ ਪ੍ਰਭਾਵ ਦੀ ਜਾਂਚ ਕਰਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਅਧਿਐਨ ਹੈ। ਇਸ ਵਿੱਚ 207 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਠੀਕ ਹੋਏ ਵਿਅਕਤੀਆਂ ਵਿੱਚ ਫੇਫੜਿਆਂ ਦੀ ਕਾਰਜਪ੍ਰਣਾਲੀ, ਕਸਰਤ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਕਮੀ ਦੇਖੀ ਗਈ। ਅਧਿਐਨ ਦਰਸਾਉਂਦਾ ਹੈ ਕਿ ਗੰਭੀਰ ਬਿਮਾਰੀ ਤੋਂ ਔਸਤਨ 2 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਠੀਕ ਹੋਣ ਵਾਲੇ ਭਾਰਤੀਆਂ ਵਿੱਚ ਸਾਹ ਸਬੰਧੀ ਲੱਛਣ ਦੇਖੇ ਗਏ, ਜਿਸ ਵਿਚ 49.3 ਫ਼ੀਸਦੀ ਵਿਚ ਸਾਹ ਸਬੰਧੀ ਤਕਲੀਫ਼ ਅਤੇ 27.1 ਫ਼ੀਸਦੀ ਵਿਚ ਖੰਘ ਦੀ ਸ਼ਿਕਾਇਤ ਦਰਜ ਕੀਤੀ ਗਈ।

ਸੀ.ਐੱਮ.ਸੀ. ਵੇਲੋਰ ਵਿੱਚ ਪਲਮੋਨਰੀ ਮੈਡੀਸਨ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਖੋਜਕਰਤਾ ਡੀ ਜੇ ਕ੍ਰਿਸਟੋਫਰ ਨੇ ਕਿਹਾ, “ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਬੀਮਾਰੀ ਦੀ ਗੰਭੀਰਤਾ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਦੂਜੇ ਦੇਸ਼ਾਂ ਦੇ ਅੰਕੜਿਆਂ ਦੀ ਤੁਲਨਾ ਵਿੱਚ ਭਾਰਤੀ ਆਬਾਦੀ ਵਿੱਚ ਫੇਫੜਿਆਂ ਦੀ ਕਾਰਜਪ੍ਰਣਾਲੀ ਜ਼ਿਆਦਾ ਪ੍ਰਭਾਵਿਤ ਹੋਈ ਹੈ।” ਕ੍ਰਿਸਟੋਫਰ ਨੇ ਕਿਹਾ, ‘ਹਾਲਾਂਕਿ ਭਾਰਤੀਆਂ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਦਾ ਸਹੀ ਕਾਰਨ ਜਾਣਨਾ ਅਸੰਭਵ ਹੈ, ਪਹਿਲਾਂ ਤੋਂ ਬੀਮਾਰੀ ਨਾਲ ਪੀੜਤ ਰਹਿਣਾ ਫੇਫੜਿਆਂ ਦੇ ਨੁਕਸਾਨ ਦਾ ਇੱਕ ਕਾਰਕ ਹੋ ਸਕਦਾ ਹੈ, ਕਿਉਂਕਿ ਹੋਰ ਦੀ ਤੁਲਨਾ ਵਿਚ ਸਾਡੀ ਆਬਾਦੀ ਵਿੱਚ ਲੋਕਾਂ ਦੇ ਹੋਰ ਬੀਮਾਰੀਆਂ ਨਾਲ ਪੀੜਤ ਰਹਿਣ ਦੀ ਦਰ ਜ਼ਿਆਦਾ ਸੀ।’ PLOS ਗਲੋਬਲ ਪਬਲਿਕ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਵਿੱਚ ਯੂਰਪ ਅਤੇ ਚੀਨ ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ। ਉਦਾਹਰਨ ਲਈ, ਇਟਲੀ ਵਿੱਚ ਕਰਵਾਏ ਗਏ ਇੱਕ ਅਧਿਐਨ ਵਿੱਚ 43 ਫ਼ੀਸਦੀ ਲੋਕਾਂ ਵਿੱਚ ਸਾਹ ਸਬੰਧੀ ਤਕਲੀਫ ਅਤੇ 20 ਫ਼ੀਸਦੀ ਤੋਂ ਘੱਟ ਲੋਕਾਂ ਵਿੱਚ ਖੰਘ ਸਬੰਧੀ ਸ਼ਿਕਾਇਤ ਪਾਈ ਗਈ। ਚੀਨੀ ਅਧਿਐਨ ਦੇ ਸਬੰਧਤ ਅੰਕੜੇ ਵੀ ਭਾਰਤੀ ਅਧਿਐਨ ਵਿੱਚ ਦੇਖੇ ਗਏ ਅੰਕੜਿਆਂ ਨਾਲੋਂ ਘੱਟ ਸਨ।

Leave a Reply

Your email address will not be published. Required fields are marked *