
ਹਾਦਸਾ ਜਾਂ ਪੈਰਾਲਾਈਜ਼ ਕਾਰਨ ਲੰਬੇ ਸਮੇਂ ਤੋਂ ਚੱਲਣ-ਫਿਰਨ ’ਚ ਅਸਮਰੱਥ ਮਰੀਜ਼ਾਂ ਲਈ ਏਮਜ਼ ਦਿੱਲੀ ਤੋਂ ਇਕ ਰਾਹਤ ਭਰੀ ਖ਼ਬਰ ਆਈ ਹੈ। ਏਮਸ ਦੇ ਆਰਥੋਪੈਡਿਕਸ ਵਿਭਾਗ ਮੁਤਾਬਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ-ਦਿੱਲੀ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.-ਦਿੱਲੀ) ਨਾਲ ਮਿਲ ਇਕ ਅਜਿਹਾ ਉਪਕਰਨ ਬਣਾ ਰਿਹਾ ਹੈ, ਜਿਸ ਦੀ ਮਦਦ ਨਾਲ ਪੈਰਾਪਲੇਜਿਕ ਨੂੰ ਸਿੱਧਾ ਖੜ੍ਹਾ ਹੋਣ, ਚੱਲਣ-ਫਿਰਨ, ਉਠਣ-ਬੈਠਣ ਅਤੇ ਪੌੜੀਆਂ ਚੜ੍ਹਨ ’ਚ ਸਮਰੱਥ ਬਣਾਇਆ ਜਾ ਸਕੇਗਾ।
ਆਰਥੋਪੈਡਿਕਸ ਵਿਭਾਗ ਦੇ ਡਾ. ਭਾਵੁਕ ਗਰਗ ਨੇ ਦੱਸਿਆ ਕਿ ਪੈਰਾਪਲੇਜਿਕ ਆਮ ਤੌਰ ’ਤੇ ਰੀੜ੍ਹ ਦੀ ਹੱਡੀ ਜਾਂ ਦਿਮਾਗ ’ਤੇ ਸੱਟ ਲੱਗਣ ਕਾਰਨ ਹੁੰਦਾ ਹੈ। ਇਹ ਸੱਟ ਸੰਕੇਤਾਂ ਨੂੰ ਮਰੀਜ਼ ਦੇ ਹੇਠਲੇ ਸਰੀਰ ਤੱਕ ਪਹੁੰਚਣ ਤੋਂ ਰੋਕਦੀ ਹੈ। ਜਦੋਂ ਮਰੀਜ਼ ਦਾ ਦਿਮਾਗ ਉਸਦੇ ਹੇਠਲੇ ਸਰੀਰ ਨੂੰ ਸੰਕੇਤ ਭੇਜਣ ’ਚ ਅਸਮਰੱਥ ਹੁੰਦਾ ਹੈ, ਤਾਂ ਇਸਦਾ ਨਤੀਜਾ ਪੈਰਾਲਾਈਜ਼ ਹੋ ਜਾਂਦਾ ਹੈ। ਅਜਿਹੇ ਮਰੀਜ਼ ਨਾ ਤਾਂ ਖੁਦ ਉੱਠ-ਬੈਠ ਸਕਦੇ ਹਨ, ਨਾ ਹੀ ਖੁਦ ਸਿੱਧੇ ਖੜ੍ਹੇ ਹੋ ਸਕਦੇ ਹਨ।