
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਨਕਸਲੀਆਂ ਵਲੋਂ ਲਾਏ ਗਏ ਪ੍ਰੈੱਸ਼ਰ ਬੰਬ ‘ਚ ਧਮਾਕਾ ਹੋਣ ਨਾਲ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦਾ ਇਕ ਸਹਾਇਕ ਕਮਾਂਡੇਟ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਖੇਤਰ ਵਿਚ ਆਉਂਦਾ ਹੈ, ਜਿੱਥੇ ਆਮ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਭੈਰਮਗੜ੍ਹ ਪੁਲਸ ਥਾਣਾ ਖੇਤਰ ਦੇ ਅਧੀਨ ਚਿਹਕਾ ਵੋਟਿੰਗ ਕੇਂਦਰ ਦੇ ਕਰੀਬ ਪ੍ਰੈੱਸ਼ਰ ਬੰਬ ‘ਚ ਧਮਾਕਾ ਹੋਣ ਨਾਲ CRPF ਦੇ ਸਹਾਇਕ ਕਮਾਂਡੇਟ ਮਨੂੰ ਐੱਚ. ਸੀ. ਜ਼ਖ਼ਮੀ ਹੋ ਗਏ ਹਨ।
ਪੁਲਸ ਮੁਤਾਬਕ ਭੈਰਮਗੜ੍ਹ ਵਿਚ ਸੁਰੱਖਿਆ ਫੋਰਸ ਦੇ ਜਵਾਨ ਨਕਸਲੀ ਰੋਕੂ ਮੁਹਿੰਮ ‘ਤੇ ਸਨ। ਜਦੋਂ ਉਹ ਚਿਹਕਾ ਵੋਟਿੰਗ ਕੇਂਦਰ ਦੇ ਨੇੜੇ ਸਨ ਤਾਂ ਮਨੂੰ ਦਾ ਪੈਰ ਪ੍ਰੈੱਸ਼ਰ ਬੰਬ ਦੇ ਉੱਪਰ ਚੱਲਾ ਗਿਆ। ਇਸ ਨਾਲ ਬੰਬ ਧਮਾਕਾ ਹੋ ਗਿਆ। ਇਸ ਘਟਨਾ ਵਿਚ ਅਧਿਕਾਰੀ ਦੇ ਖੱਬੇ ਪੈਰ ਅਤੇ ਖਬੇ ਹੱਥ ਵਿਚ ਸੱਟਾਂ ਲੱਗੀਆਂ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਅਧਿਕਾਰੀ ਨੂੰ ਮੁੱਢਲੇ ਇਲਾਜ ਮਗਰੋਂ ਖੇਤਰ ਦੇ ਬਾਹਰ ਕੱਢਿਆ ਜਾ ਰਿਹਾ ਹੈ।