
ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਹੋਈ, ਜਿਸ ਦੌਰਾਨ ਕਈ ਵੱਡੇ ਫ਼ੈਸਲੇ ਲਏ ਗਏ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਬਹੁਤ ਸਾਰੇ ਪੰਜਾਬ ਪੱਖੀ ਫ਼ੈਸਲੇ ਲਏ ਗਏ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪੁਲਸ ਦੇ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਮੀਟਿੰਗ ਦੌਰਾਨ ਪੰਜਾਬ ‘ਚ ਅਧਿਆਪਕਾਂ ਦੀ ਤਬਾਦਲਾ ਨੀਤੀ ‘ਚ ਵੀ ਸੋਧ ਕੀਤੀ ਗਈ ਹੈ, ਜਿਸ ਨਾਲ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੰਗੀ ਵਿਧਵਾਵਾਂ ਦੀ ਜੰਗੀ ਜਗੀਰ ਦੀ ਰਾਸ਼ੀ ਨੂੰ 10 ਹਜ਼ਾਰ ਤੋਂ ਵਧਾ 20 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਪ੍ਰੋਫੈਸਰਾਂ ਦੀ ਭਰਤੀ ਲਈ ਉਮਰ ‘ਚ ਛੋਟ ਦਿੱਤੀ ਗਈ ਹੈ। ਕੱਚੇ ਅਧਿਆਪਕ, ਗੈਸਟ ਫੈਕਲਟੀ ਦੀ ਭਰਤੀ ਲਈ ਉਮਰ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵੀਆਂ ਅਸਾਮੀਆਂ ਦੀ ਵੀ ਸਿਰਜਣਾ ਕੀਤੀ ਗਈ ਹੈ।