
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਤੋਂ ਬਾਅਦ ਅਰਥਵਿਵਸਥਾ ‘ਤੇ ਪੈਣ ਵਾਲੇ ਕਿਸੇ ਵੀ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਮੌਜੂਦਾ ਸਥਿਤੀ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।
ਇਸ ਇੰਟਰਵਿਊ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਜਿਵੇਂ-ਜਿਵੇਂ ਹਾਲਾਤ ਬਦਲਦੇ ਰਹਿਣਗੇ, ਭਾਰਤ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਫ਼ੈਸਲੇ ਲੈਣ ਲਈ ਤਿਆਰੀ ਕਰ ਰਹੇ ਹਾਂ। ਇਸ ਤਣਾਅ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡੀ ਤੇਜ਼ੀ ਹੁਣ ਤੱਕ ਵੇਖਣ ਨੂੰ ਨਹੀਂ ਮਿਲੀ। ਹਾਲਾਂਕਿ ਮੱਧ ਪੂਰਬ ਵਿਚ ਕਿਸੇ ਤਰ੍ਹਾਂ ਦਾ ਤਣਾਅ ਵੱਧਣ ਨਾਲ ਭਾਰਤ ਲਈ ਕੱਚੇ ਤੇਲ ਦਾ ਆਯਾਤ ਕਰਨਾ ਮਹਿੰਗਾ ਹੋ ਸਕਦਾ ਹੈ। ਇਸ ਨਾਲ ਭਾਰਤ ਦਾ ਆਯਾਤ ਬਿੱਲ ਵੱਧ ਸਕਦਾ ਹੈ। ਕੱਚਾ ਤੇਲ ਆਯਾਤ ਕਰਨ ਦੇ ਮਾਮਲੇ ਵਿਚ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਆਪਣੇ ਖਪਤ ਦਾ 85 ਫ਼ੀਸਦੀ ਕੱਚਾ ਤੇਲ ਭਾਰਤ ਨੂੰ ਆਯਾਤ ਕਰਦਾ ਹੈ।