ਚੰਡੀਗੜ੍ਹ ਮੇਅਰ ਚੋਣ : ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਕੇਜਰੀਵਾਲ ਨੇ ਭਾਜਪਾ ਦੀ ਕੀਤੀ ਆਲੋਚਨਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਵਿਧਾਨ ਸਭਾ ‘ਚ ਬੁੱਧਵਾਰ ਨੂੰ ਬੋਲਦੇ ਹੋਏ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਲੋਂ ਚੰਡੀਗੜ੍ਹ ਮੇਅਰ ਚੋਣ ਦੇ ਨਤੀਜੇ ਪਲਟਣ ‘ਤੇ ਭਾਜਪਾ ਦੀ ਆਲੋਚਨਾ ਕੀਤੀ। ਭਗਵਦ ਗੀਤਾ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵਾਨ ਨੇ ਦਖ਼ਲਅੰਦਾਜੀ ਕਰਨ ਦਾ ਫ਼ੈਸਲਾ ਕੀਤਾ ਅਤੇ ਭਾਜਪਾ ਦੇ ਪ੍ਰਚਲਿਤ ‘ਅਧਰਮ’ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਚੰਡੀਗੜ੍ਹ ਮੇਅਰ ਚੋਣ ‘ਤੇ ਅਦਾਲਤ ਦੇ ਫ਼ੈਸਲੇ ਲਈ ਸੁਪਰੀਮ ਕੋਰਟ ਅਤੇ ਭਾਰਤ ਦੇ ਚੀਫ਼ ਜਸਟਿਸ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨੇ ਦੇਸ਼ ਦੇ ਲੋਕਤੰਤਰ ਨੂੰ ਬਚਾ ਲਿਆ।

ਕੇਜਰੀਵਾਲ ਨੇ ਸੁਪਰੀਮ ਕੋਰਟ ਦੀ ਸ਼ਲਾਘਾ ਕਰਦੇ ਹੋਏ ਕਿਹਾ,”ਅਜਿਹਾ ਲੱਗ ਰਿਹਾ ਸੀ, ਜਿਵੇਂ ਭਗਵਾਨ ਚੀਫ਼ ਜਸਟਿਸ ਦੇ ਮਾਧਿਅਮ ਨਾਲ ਬੋਲ ਰਹੇ ਸਨ।” ਉਨ੍ਹਾਂ ਨੇ 30 ਜਨਵਰੀ ਨੂੰ ਚੋਣ ਨਤੀਜੇ ਨੂੰ ਦਰਕਿਨਾਰ ਕਰਦੇ ਹੋਏ ‘ਆਪ’-ਕਾਂਗਰਸ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਵਾਂ ਮੇਅਰ ਐਲਾਨ ਕੀਤਾ। ਭਾਜਪਾ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਗਵਾ ਪਾਰਟੀ ਚੋਣ ਜਿੱਤਣ ਲਈ ਕੁਝ ਵੀ ਕਰੇਗੀ ਅਤੇ ਉਸ ‘ਤੇ ਖੁੱਲ੍ਹੇਆਮ ਵਿਧਾਇਕਾਂ ਦੀ ਖਰੀਦ-ਫਰੋਖਤ ਕਰਨ ਅਤੇ ਸਰਕਾਰਾਂ ਸੁੱਟਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਗਵਾਨ ਰਾਮ, ਕ੍ਰਿਸ਼ਨ, ਸ਼ਿਵ-ਪਾਰਬਤੀ ਦੇ ਸਾਰੇ ਭਗਤ ਦੇਸ਼ ਨਾਲ ਹਨ ਅਤੇ ਆਖ਼ਰਕਾਰ, ਭਾਜਪਾ ਦਾ ‘ਅਧਰਮ’ ਖ਼ਤਮ ਹੋ ਜਾਵੇਗਾ ਅਤੇ ਧਰਮ ਦੀ ਜਿੱਤ ਹੋਵੇਗੀ। ਕੇਜਰੀਵਾਲ ਨੇ ਕਿਸਾਨਾਂ ਦੇ ਚੱਲ ਰਹੇ ਵਿਰੋਧ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ,”ਉਹ ਕਿਸਾਨਾਂ ਨੂੰ ਦਿੱਲੀ ਆਉਣ ਦੀ ਮਨਜ਼ੂਰੀ ਕਿਉਂ ਨਹੀਂ ਦਿੰਦੇ? ਉਹ ਉਨ੍ਹਾਂ ਦੀਆਂ ਫ਼ਸਲਾਂ ਦੀ ਕੀਮਤ ਨਹੀਂ ਦਿੰਦੇ ਅਤੇ ਉਨ੍ਹਾਂ ਦੀ ਗੱਲ ਵੀ ਨਹੀਂ ਸੁਣਦੇ।”

Posted in Uncategorized

Leave a Reply

Your email address will not be published. Required fields are marked *