ਇੰਗਲੈਂਡ ਦੇ ਸਾਬਕਾ ਕਪਤਾਨ ਦੀ ਟੀਮ ਨੂੰ ਸਲਾਹ, ਬੇਅਰਸਟੋ ਨੂੰ ਟੀਮ ਤੋਂ ਬਾਹਰ ਕਰੋ

ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟਰ ਕੁੱਕ ਨੇ ਭਾਰਤ ਖਿਲਾਫ ਰਾਂਚੀ ਟੈਸਟ ਤੋਂ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋ ਨੂੰ ਟੀਮ ਤੋਂ ਬਾਹਰ ਰੱਖਣ ਦੀ ਸਲਾਹ ਦਿੱਤੀ ਹੈ, ਜੋ ਹੁਣ ਤੱਕ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਭਾਰਤ ਖਿਲਾਫ ਸੀਰੀਜ਼ ‘ਚ ਬੇਅਰਸਟੋ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਉਹ ਛੇ ਪਾਰੀਆਂ ਵਿੱਚ ਸਿਰਫ਼ ਜ਼ੀਰੋ, ਚਾਰ, 25, 26, 37 ਅਤੇ 10 ਦੌੜਾਂ ਹੀ ਬਣਾ ਸਕਿਆ ਹੈ, ਜਦਕਿ ਉਨ੍ਹਾਂ ਦੀ ਔਸਤ ਵੀ 17.00 ਰਹੀ ਹੈ।
ਕੁੱਕ ਨੇ ਕਿਹਾ, ‘ਮੈਂ ਖਿਡਾਰੀ ਦੇ ਹਿੱਤ ‘ਚ ਉਸੇ ਬੱਲੇਬਾਜ਼ੀ ਲਾਈਨਅੱਪ ਤੋਂ ਬਾਹਰ ਕਰਨ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਭਾਰਤ ਦਾ ਹੁਣ ਤੱਕ ਦਾ ਦੌਰਾ ਉਸ ਲਈ ਮੁਸ਼ਕਲ ਰਿਹਾ ਹੈ।’ ਉਨ੍ਹਾਂ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਉਹ ਦੁਬਾਰਾ ਕਦੇ ਟੈਸਟ ਕ੍ਰਿਕਟ ਨਹੀਂ ਖੇਡੇਗਾ ਪਰ ਅਜਿਹੇ ਖਿਡਾਰੀ ਨੂੰ ਮੈਦਾਨ ਵਿਚ ਉਤਾਰਨਾ ਚੰਗਾ ਹੈ ਜੋ ਅਜੇ ਤੱਕ ਇਸ ਸੀਰੀਜ਼ ‘ਚ ਨਹੀਂ ਖੇਡਿਆ ਹੈ।’
ਕੁੱਕ ਨੇ ਬੇਅਰਸਟੋ ਦੀ ਜਗ੍ਹਾ ਡੈਨ ਲਾਰੈਂਸ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਜਦੋਂ ਤੁਸੀਂ ਦੌੜਾਂ ਨਹੀਂ ਬਣਾ ਰਹੇ ਹੁੰਦੇ ਤਾਂ ਕੁਝ ਗੇਂਦਬਾਜ਼ ਤੁਹਾਡੇ ‘ਤੇ ਦਬਾਅ ਬਣਾ ਕੇ ਗਤੀ ਪੈਦਾ ਕਰਦੇ ਹਨ, ਇਸ ਲਈ ਮੈਂ ਡੈਨ ਲਾਰੈਂਸ ਨੂੰ ਮੌਕਾ ਦੇਵਾਂਗਾ।’ ਪਰ ਇਕ ਹੋਰ ਸਾਬਕਾ ਕਪਤਾਨ ਮਾਈਕਲ ਐਥਰਟਨ ਦਾ ਮੰਨਣਾ ਹੈ ਕਿ ਇੰਗਲੈਂਡ ਟੀਮ ਪ੍ਰਬੰਧਨ ਬੇਅਰਸਟੋ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਐਥਰਟਨ ਨੇ ਕਿਹਾ, ‘ਬੇਅਰਸਟੋ ਇਸ ਸੀਰੀਜ਼ ਲਈ ਮਹੱਤਵਪੂਰਨ ਰਿਹਾ ਹੈ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਨੂੰ ਇਸ ਮਹੱਤਵਪੂਰਨ ਪਲ ‘ਤੇ ਛੱਡ ਦੇਵਾਂਗੇ।’
ਇੰਗਲੈਂਡ ਦੀ ਟੀਮ ਫਿਲਹਾਲ ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਤੋਂ 1-2 ਨਾਲ ਪਿੱਛੇ ਹੈ। ਭਾਰਤ ਨੇ ਜਿੱਥੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਚੌਥੇ ਟੈਸਟ ‘ਚ ਆਰਾਮ ਦੇਣ ਦਾ ਫੈਸਲਾ ਕੀਤਾ ਹੈ, ਉਥੇ ਕੁੱਕ ਦਾ ਮੰਨਣਾ ਹੈ ਕਿ ਮਹਿਮਾਨ ਟੀਮ ਨੂੰ ਆਪਣੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਮਾਰਕ ਵੁੱਡ ਨਾਲ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਦੋ-ਦੋ ਮੈਚ ਖੇਡੇ ਹਨ। ਸੀਰੀਜ਼ ਦਾ ਆਖ਼ਰੀ ਟੈਸਟ ਧਰਮਸ਼ਾਲਾ ‘ਚ ਹੋਵੇਗਾ ਜਿੱਥੇ ਹਾਲਾਤ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਮੰਨੇ ਜਾ ਰਹੇ ਹਨ।
ਕੁੱਕ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਜੇਮਸ ਐਂਡਰਸਨ ਅਤੇ ਮਾਰਕ ਵੁੱਡ ਧਰਮਸ਼ਾਲਾ ਦੇ ਠੰਡੇ ਹਾਲਾਤਾਂ ‘ਚ ਕਾਫੀ ਪ੍ਰਭਾਵਸ਼ਾਲੀ ਹੋਣਗੇ, ਇਸ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਇੰਨੇ ਘੱਟ ਸਮੇਂ ‘ਚ ਕਾਫੀ ਓਵਰ ਸੁੱਟੇ ਹਨ।’ ਕੁੱਕ ਨੇ ਇਨ੍ਹਾਂ ਦੋਵਾਂ ਦੀ ਥਾਂ ਓਲੀ ਰੌਬਿਨਸਨ ਅਤੇ ‘ਅਨਕੈਪਡ’ ਗੁਸ ਐਟਕਿੰਸਨ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ। ਐਥਰਟਨ ਨੂੰ ਇਹ ਵੀ ਲੱਗਦਾ ਹੈ ਕਿ ਇੰਗਲੈਂਡ ਨੂੰ 41 ਸਾਲਾ ਐਂਡਰਸਨ ਨੂੰ ਆਰਾਮ ਦੇਣਾ ਚਾਹੀਦਾ ਹੈ ਅਤੇ ਤੇਜ਼ ਗੇਂਦਬਾਜ਼ੀ ਹਮਲੇ ਵਿੱਚ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ।
 

Posted in Uncategorized

Leave a Reply

Your email address will not be published. Required fields are marked *