
ਪੰਜਾਬ ਦੇ ਮੌਸਮ ਵਿਚ ਲਗਾਤਾਰ ਹੋ ਰਿਹਾ ਬਦਲਾਅ ਜਾਰੀ ਹੈ। ਸੂਬੇ ਵਿਚ ਤੇਜ਼ ਹਵਾਵਾਂ ਦੇ ਨਾਲ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਵਿਚ ਬੀਤੇ ਦਿਨੀਂ ਬਾਰਿਸ਼ ਹੋਈ। ਇਥੋਂ ਦੇ ਧਾਰ ਬਲਾਕ ਦੇ ਬੁੰਗਲ ਬਾਧੀ ਇਲਾਕੇ ਵਿਚ ਅਤੇ ਪਟਿਆਲਾ ਦੇ ਪਾਤੜਾਂ ਨਾਲ ਲੱਗਦੇ ਕੁੱਝ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਈ ਹੈ। ਪਠਾਨਕੋਟ ਦੇ ਕੁੱਝ ਇਲਾਕਿਆਂ ਵਿਚ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜ਼ਿਲ੍ਹੇ ’ਚ 26.87 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ ਹੈ। ਪਠਾਨਕੋਟ ਵਿਚ ਸਭ ਤੋਂ ਜ਼ਿਆਦਾ ਬਾਰਿਸ਼ ਰਣਜੀਤ ਸਾਗਰ ਡੈਮ ’ਤੇ 42.5 ਐੱਮ.ਐੱਮ. ਰਿਕਾਰਡ ਹੋਈ ਹੈ। ਪਟਿਆਲਾ ਵਿਚ ਸੋਮਵਾਰ ਦੇਰ ਰਾਤ 6 ਐੱਮ. ਐਮ. ਬਾਰਿਸ਼ ਰਿਕਾਰਡ ਹੋਈ। ਇਥੇ ਗੜ੍ਹੇਮਾਰੀ ਨਾਲ ਨਿਆਲ ਪਿੰਡ ਨਾਲ ਲੱਗਦੇ ਖੇਤਾਂ ਵਿਚ ਲੱਗੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਸੰਗਰੂਰ ਰੋਪੜ ਅਤੇ ਆਸਪਾਸ ਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਦਿਨ ’ਤੇ ਰਾਤ ਦੇ ਤਾਪਮਾਨ ਵਿਚ ਇਜ਼ਾਫਾ ਹੋਇਆ ਹੈ। ਸਮਰਾਲਾ 25.4 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਜਦਕਿ 9.0 ਡਿਗਰੀ ਨਾਲ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਹੈ।