
ਹਾਲ ਹੀ ‘ਚ ਦੱਖਣ-ਪੱਛਮੀ ਪ੍ਰਸ਼ਾਂਤ ਮਹਾਸਾਗਰ ‘ਚ ਦੁਨੀਆ ਦਾ ਸਭ ਤੋਂ ਵੱਡਾ ਕੋਰਲ ਮਿਲਿਆ ਹੈ। ਨੈਸ਼ਨਲ ਜੀਓਗ੍ਰਾਫਿਕ ਸੋਸਾਇਟੀ ਦੀ ਪ੍ਰਿਸਟੀਨ ਸੀਜ਼ ਟੀਮ ਨੇ ਇਸ ਕੋਰਲ ਦੀ ਖੋਜ ਕੀਤੀ ਹੈ, ਜੋ ਕਿ ਬਲੂ ਵ੍ਹੇਲ ਤੋਂ ਵੀ ਵੱਡਾ ਹੈ ਅਤੇ ਪੁਲਾੜ ਤੋਂ ਵੀ ਦੇਖਿਆ ਜਾ ਸਕਦਾ ਹੈ। ਇੰਨਾ ਵੱਡਾ ਹੋਣ ਦੇ ਬਾਵਜੂਦ ਇਸ ਦਾ ਹੁਣ ਤੱਕ ਛੁਪਿਆ ਰਹਿਣਾ ਹੈਰਾਨੀ ਦੀ ਗੱਲ ਹੈ। ਇਹ ਕੋਰਲ 112×105 ਫੁੱਟ ਹੈ ਅਤੇ 42 ਫੁੱਟ ਦੀ ਡੂੰਘਾਈ ‘ਤੇ ਮੌਜੂਦ ਹੈ, ਜਿਸ ਦੀ ਉਚਾਈ 16 ਫੁੱਟ ਦੱਸੀ ਜਾਂਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਲਗਭਗ 300 ਸਾਲ ਜਾਂ ਇਸ ਤੋਂ ਵੀ ਵੱਧ ਪੁਰਾਣਾ ਹੈ।
ਮੁਹਿੰਮ ਦੇ ਮੁੱਖ ਵਿਗਿਆਨੀ ਮੌਲੀ ਟਿਮਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਰਾਤ ਨੂੰ ਪਤਾ ਲੱਗਾ ਜਦੋਂ ਟੀਮ ਕਿਸੇ ਹੋਰ ਹਿੱਸੇ ‘ਚ ਜਾਣ ਵਾਲੀ ਸੀ। ਇੱਕ ਵੀਡੀਓਗ੍ਰਾਫਰ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਲਵਾਯੂ ਪਰਿਵਰਤਨ ਨੇ ਪ੍ਰਸ਼ਾਂਤ ਮਹਾਸਾਗਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੌਰਾਨ ਉਸਨੂੰ ਇਹ ਮੈਗਾ ਕੋਰਲ ਮਿਲਿਆ।