
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 300 ਰੁਪਏ ਦੀ ਖ਼ਾਤਰ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲ ਦੀ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਨੂਰਸਰਾਏ ਥਾਣਾ ਖੇਤਰ ਦੇ ਅਜੈਪੁਰ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਸਦਨ ਮਿਸਤਰੀ ਪੁੱਤਰ ਬਿਲੇਟ ਮਿਸਤਰੀ ਵਾਸੀ ਪਿੰਡ ਅਜੈਪੁਰ ਵਜੋਂ ਹੋਈ ਹੈ। ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਦਨ ਮਿਸਤਰੀ ਦਾ ਉਸੇ ਪਿੰਡ ਦੇ ਸੰਤੋਸ਼ ਯਾਦਵ ਨਾਲ 300 ਰੁਪਏ ਦਾ ਲੈਣ-ਦੇਣ ਹੋਇਆ ਸੀ। ਵੀਰਵਾਰ ਨੂੰ ਸੰਤੋਸ਼ ਯਾਦਵ ਅਤੇ ਉਸ ਦੇ ਸਾਥੀ ਬਕਾਇਆ ਰਕਮ ਦੀ ਮੰਗ ਕਰਨ ਲਈ ਨਸ਼ੇ ਦੀ ਹਾਲਤ ਵਿਚ ਸਦਨ ਮਿਸਤਰੀ ਦੇ ਘਰ ਪਹੁੰਚ ਗਏ ਅਤੇ ਬਕਾਇਆ ਵਸੂਲਣ ਦੀ ਜ਼ਿੱਦ ‘ਤੇ ਅੜੇ ਰਹੇ।