
ਸੰਸਦ ਦੀ ਇਕ ਸਥਾਈ ਕਮੇਟੀ ਪੁਰਸ਼ਾਂ ਅਤੇ ਔਰਤਾਂ ਲਈ ਵਿਆਹ ਦੀ ਉਮਰ ਦੀ ਇਕਰੂਪਤਾ ਦੇ ਮੁੱਦੇ ‘ਤੇ ਅਗਲੇ ਹਫ਼ਤੇ ਵਿਚਾਰ ਕਰੇਗੀ। ਇਸ ਸੰਬੰਧ ‘ਚ ਲਿਆਂਦਾ ਜਾ ਚੁੱਕਿਆ ਇਕ ਬਿੱਲ 17ਵੀਂ ਲੋਕ ਸਭਾ ਭੰਗ ਹੋਣ ਦੇ ਨਾਲ ਬੇਅਸਰ ਹੋ ਚੁੱਕਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ‘ਚ ਸਕੱਤਰ ਅਤੇ ‘ਨੈਸ਼ਨਲ ਕੋਲਿਸ਼ਨ ਐਡਵੋਕੇਟਿੰਗ ਫਾਰ ਏਡੋਲਸੈਂਟ ਕੰਸਰਨਸ’ (ਐੱਨ.ਸੀ.ਏ.ਏ.ਸੀ.) ਅਤੇ ‘ਯੰਗ ਵਾਇਸੈਸ ਕੈਂਪੇਨ’ ਦੇ ਪ੍ਰਤੀਨਿਧੀ 22 ਨਵੰਬਰ ਨੂੰ ਸੰਸਦੀ ਕਮੇਟੀ ਦੀ ਬੈਠਕ ‘ਚ ਉਸ ਦੇ ਸਾਹਮਣੇ ਪੇਸ਼ ਹੋਣਗੇ। ਬੈਠਕ ‘ਚ ਵਿਆਹ ਦੀ ਉਮਰ ‘ਚ ਪ੍ਰਸਤਾਵਿਤ ਤਬਦੀਲੀਆਂ ਅਤੇ ਔਰਤਾਂ ਸੰਬੰਧੀ ਹੋਰ ਬਿੱਲਾਂ ‘ਤੇ ਚਰਚਾ ਹੋਵੇਗੀ। ਬੈਠਕ ਦੇ ਏਜੰਡੇ ਅਨੁਸਾਰ ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਦੀ ਪ੍ਰਧਾਨਗੀ ਵਾਲੀ ਸਿੱਖਿਆ, ਔਰਤਾਂ, ਬੱਚੇ, ਨੌਜਵਾਨਾਂ ਅਤੇ ਖੇਡ ਸੰਬੰਧੀ ਸੰਸਦੀ ਸਥਾਈ ਕਮੇਟੀ ਵੱਖ-ਵੱਖ ਵਿਧਾਨਿਕ ਅਤੇ ਖੁਦਮੁਖਤਿਆਰੀ ਦੇ ਕੰਮਕਾਜ ਬਾਰੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਦਾ ਪੱਖ ਸੁਣੇਗੀ।