
ਅਮਰੀਕਾ ‘ਚ ਪੜ੍ਹਾਈ ਕਰਨਾ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਸੁਪਨਾ ਇਕ ਡਰਾਉਣੇ ਸੁਪਨੇ ‘ਚ ਬਦਲ ਰਿਹਾ ਹੈ। ਦਰਅਸਲ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਾਪਤਾ ਹੋਣ ਜਾਂ ਕਤਲ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵਾਰ ਫਿਰ ਅਮਰੀਕਾ ਦੇ ਸ਼ਿਕਾਗੋ ਤੋਂ ਇੱਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਹੈ। ਵਿਦਿਆਰਥੀ ਦੀ ਪਛਾਣ ਰੁਪੇਸ਼ ਚੰਦਰ ਚਿੰਤਾਕਿੰਡੀ ਵਜੋਂ ਹੋਈ ਹੈ, ਜੋ 2 ਮਈ ਤੋਂ ਲਾਪਤਾ ਹੈ।
ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਉਹ ਪੁਲਿਸ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਸੰਪਰਕ ਵਿੱਚ ਹੈ। ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਲਿਖਿਆ ਕਿ ਭਾਰਤੀ ਵਿਦਿਆਰਥੀ ਰੂਪੇਸ਼ ਚੰਦਰ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਕੌਂਸਲੇਟ ਜਨਰਲ ਬੇਹੱਦ ਚਿੰਤਤ ਹੈ। ਦੂਤਾਵਾਸ ਭਾਰਤੀ ਭਾਈਚਾਰੇ ਅਤੇ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਮੀਦ ਹੈ ਕਿ ਰੁਪੇਸ਼ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ।
ਸ਼ਿਕਾਗੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਰੁਪੇਸ਼ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਸ਼ਿਕਾਗੋ ਦੇ ਐਨ ਸ਼ੈਰੀਡਨ ਰੋਡ ਦੇ 4300 ਬਲਾਕ ਤੋਂ ਰੁਪੇਸ਼ 2 ਮਈ ਤੋਂ ਲਾਪਤਾ ਹੈ। ਹਾਲ ਹੀ ਦੇ ਸਮੇਂ ਵਿੱਚ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਮਾਰਚ ਵਿਚ ਵੀ ਇਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਅਪ੍ਰੈਲ ਵਿਚ ਬਰਾਮਦ ਹੋਈ ਸੀ। ਇਸ ਸਾਲ ਅਮਰੀਕਾ ਵਿੱਚ ਵੱਖ-ਵੱਖ ਕਾਰਨਾਂ ਕਰਕੇ 11 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ।