
ਲੁਧਿਆਣਾ ਵਿਚ ਸ਼ਿਵ ਸੈਨਾ ਸਮਾਜਵਾਦੀ ਦੇ ਵਪਾਰ ਵਿੰਗ ਦੇ ਪ੍ਰਧਾਨ ਰਾਜਨ ਰਾਣਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਹਮਲਾ ਹੋ ਗਿਆ। ਹਮਲਾਵਰ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਦਾ ਇਕ ਸਾਥੀ ਲੋਕਾਂ ਦੀ ਮਦਦ ਨਾਲ ਫੜਿਆ ਗਿਆ। ਰਾਣਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਇਲਾਜ ਮਗਰੋਂ ਡੀ.ਐੱਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਘਟਨਾ ਸਮੇਂ ਰਾਜਨ ਰਾਣਾ ਦੇ ਨਾਲ ਉਨ੍ਹਾਂ ਦਾ ਸਿਕਿਓਰਿਟੀ ਗਾਰਡ ਮੌਜੂਦ ਨਹੀਂ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਹਸਪਤਾਲ ਵਿਚ ਜ਼ੇਰੇ ਇਲਾਜ ਰਾਜਨ ਰਾਣਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਛੋਟੇ ਭਰਾ ਬੋਬੀ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਸਨ। ਰਾਤ ਨੂੰ ਪੌਣੇ 12 ਵਜੇ ਦੇ ਕਰੀਬ ਚੌੜਾ ਬਾਜ਼ਾਰ ਵਿਚ ਪਰੌਂਠੇ ਵੇਚਣ ਵਾਲਿਆਂ ਦੀਆਂ ਰੇਹੜੀਆਂ ‘ਤੇ ਕੁਝ ਨੌਜਵਾਨ ਖੜ੍ਹੇ ਸਨ। ਸੜਕ ‘ਤੇ ਰਾਹ ਘੱਟ ਹੋਣ ਕਾਰਨ ਉਨ੍ਹਾਂ ਦੇ ਭਤੀਜੇ ਪੀਯੂਸ਼ ਨੇ ਕਾਰ ਦਾ ਹਾਰਨ ਵਜਾ ਦਿੱਤਾ। ਇਸ ਤੋਂ ਉਹ ਨੌਜਵਾਨ ਭੜਕ ਉੱਠੇ ਤੇ ਉਨ੍ਹਾਂ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।