
ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਪ੍ਰੰਪਰਾ ਦਹਾਕਿਆਂ ਤੋਂ ਚਲੀ ਆ ਰਹੀ ਹੈ। ਜਿਉਂ-ਜਿਉਂ ਜ਼ਮਾਨਾ ਆਧੁਨਿਕ ਹੁੰਦਾ ਜਾ ਰਿਹਾ ਹੈ, ਤਿਉਂ-ਤਿਉਂ ਦੀਵਾਲੀ ਪੁਰਬ ਮਨਾਉਣ ਅਤੇ ਪਟਾਕੇ ਚਲਾਉਣ ਦੇ ਤੌਰ-ਤਰੀਕੇ ਵੀ ਬਦਲਦੇ ਚਲੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਤਕ ਇਕ ਪਰਿਵਾਰ ਕੁਝ ਸੌ ਰੁਪਏ ਦੇ ਪਟਾਕੇ ਖ਼ਰੀਦ ਕੇ ਦੀਵਾਲੀ ਮਨਾ ਲੈਂਦਾ ਸੀ ਪਰ ਹੁਣ ਹਜ਼ਾਰਾਂ ਰੁਪਏ ਖ਼ਰਚਣ ਦੇ ਬਾਅਦ ਵੀ ਉਹ ਗੱਲ ਨਹੀਂ ਬਣਦੀ। ਕੁਝ ਵੱਡੇ ਪਰਿਵਾਰ ਤਾਂ ਹੁਣ ਲੱਖ-ਲੱਖ ਰੁਪਏ ਦੇ ਪਟਾਕੇ ਵੀ ਖ਼ਰੀਦਣ ਲੱਗੇ ਹਨ। ਅਜਿਹੇ ਵਿਚ ਪਟਾਕਾ ਕਾਰੋਬਾਰ ਦਾ ਸਰੂਪ ਵੀ ਬਦਲਦਾ ਜਾ ਰਿਹਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗੁਪਤਾ ਨੇ ਤੰਗ ਬਾਜ਼ਾਰਾਂ ਵਿਚ ਵਿਕ ਰਹੇ ਪਟਾਕਿਆਂ ’ਤੇ ਸਖ਼ਤੀ ਕੀਤੀ ਅਤੇ ਖੁੱਲ੍ਹੀ ਥਾਂ ’ਤੇ ਪਟਾਕੇ ਵੇਚਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬਰਲਟਨ ਪਾਰਕ ਵਿਚ ਪਟਾਕਿਆਂ ਦੀ ਮਾਰਕੀਟ ਲੁਆ ਦਿੱਤੀ। ਪਿਛਲੇ ਕਈ ਸਾਲਾਂ ਤੋਂ ਬਰਲਟਨ ਪਾਰਕ ਵਿਚ ਹੀ ਪਟਾਕਿਆਂ ਦੀ ਅਸਥਾਈ ਮਾਰਕੀਟ ਲੱਗਦੀ ਚਲੀ ਆ ਰਹੀ ਹੈ।