
ਨਵੀਂ ਦਿੱਲੀ- ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗਠਜੋੜ ਬਣਾਇਆ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਇਕ ਗਠਜੋੜ ‘ਚ ਤਰੇੜ ਆਉਣ ਲੱਗੀ ਹੈ। ਹਾਲ ਹੀ ‘ਚ ਪੰਜਾਬ ‘ਚ ਸੀਟ ਸ਼ੇਅਰਿੰਗ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਆ ਰਹੀਆਂ ਸਨ। ਹੁਣ ਇਨ੍ਹਾਂ ਅਫ਼ਵਾਹਾਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਆਪ’ ਅਤੇ ਕਾਂਗਰਸ ਦੇ ਇਕੱਲੇ ਚੋਣਾਂ ਲੜਨ ਦੇ ਫ਼ੈਸਲੇ ‘ਤੇ ਸਫ਼ਾਈ ਪੇਸ਼ ਕੀਤੀ ਹੈ।
ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਦੇ ਘਰ ਲੰਚ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਸੀ ਸਹਿਮਤੀ ਨਾਲ ਨਾਲ ਵੱਖ-ਵੱਖ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡੇ ਵਿਚਾਲੇ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਕਾਂਗਰਸ ਨਾਲ ਗਠਜੋੜ ‘ਤੇ ਗੱਲ ਜਾਰੀ ਹੈ। ਦਿੱਲੀ ‘ਚ ਬਿਨਾਂ ਗਠਜੋੜ ਭਾਜਪਾ ਦੀ ਰਾਹ ਸੌਖਾ ਹੋ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸੀਟ ਸ਼ੇਅਰਿੰਗ ‘ਤੇ ਕਾਂਗਰਸ ਨਾਲ ਗੱਲਬਾਤ ਜਾਰੀ ਹੈ, ਦਿੱਲੀ ‘ਚ ਕਾਂਗਰਸ ਨਾਲ ਗਠਜੋੜ ਹੋਵੇਗਾ। ਅਭਿਸ਼ੇਕ ਮਨੂ ਸਿੰਘਵੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ‘ਚ ਇਕੱਲੇ ਚੋਣਾਂ ਲੜਨ ਦੇ ‘ਆਪ’ ਦੇ ਫ਼ੈਸਲੇ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਫ਼ੈਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਇਸ ‘ਚ ਕੋਈ ਰੰਜਿਸ਼ ਨਹੀਂ ਹੈ।