
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਬਜਟ ਸੈਸ਼ਨ ‘ਚ ਉੱਪ ਰਾਜਪਾਲ ਜੀ ਦੇ ਭਾਸ਼ਣ ‘ਤੇ ਧੰਨਵਾਦ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਅੱਜ ਆਪਣੇ ਛੋਟੇ ਭਰਾ ਮਨੀਸ਼ ਸਿਸੋਦੀਆ ਨੂੰ ਯਾਦ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ ਸਿਸੋਦੀਆ ਖ਼ਿਲਾਫ਼ ਬਿਲਕੁੱਲ ਝੂਠਾ ਕੇਸ ਹੈ। ਅੱਜ ਅਸੀ ਦੁੱਖ ਨਹੀਂ ਮਨਾਵਾਂਗੇ ਅਤੇ ਮੈਨੂੰ ਉਨ੍ਹਾਂ ‘ਤੇ ਮਾਣ ਹੈ। ਉਨ੍ਹਾਂ ਤੋਂ ਅਸੀਂ ਪ੍ਰੇਰਨਾ ਲਵਾਂਗੇ। ਉਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਖੜ੍ਹੇ ਹੋ ਕੇ ਸਿਸੋਦੀਆ ਨੂੰ ਸਲਾਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਵਿਰੋਧੀ ਨੇਤਾ ਰਾਮਵੀਰ ਬਿਥੂੜੀ ਨੂੰ ਵੀ ਕਿਹਾ ਕਿ ਤੁਸੀਂ ਵੀ ਖੜ੍ਹੇ ਹੋ ਜਾਓ, ਸਿਸੋਦੀਆ ਜੀ ਚੰਗੇ ਬੰਦੇ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਦਨ ਨੂੰ ਲੋਕਤੰਤਰ ਦਾ ਮੰਦਰ ਮੰਨਿਆ ਜਾਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਉਪ ਰਾਜਪਾਲ ਦੇ ਸੰਬੋਧਨ ਦੌਰਾਨ ਹੰਗਾਮਾ ਕੀਤਾ ਹੈ। ਭਾਸ਼ਣ ਵਿਚ ਵਿਘਨ ਪਾਉਣਾ ਰਾਜਨੀਤੀ ਹੁੰਦੀ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ। ਉਪ ਰਾਜਪਾਲ ਨੇ ਦਿੱਲੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ, ਜੋ ਕੰਮ ਅੱਜ ਦਿੱਲੀ ਵਿਚ ਹੋ ਰਿਹਾ ਹੈ, ਉਹ 75 ਸਾਲਾਂ ਵਿਚ ਨਹੀਂ ਹੋਇਆ। ਦਿੱਲੀ ਮਾਡਲ ਦੀ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ। ਸਕੂਲਾਂ ਅਤੇ ਹਸਪਤਾਲਾਂ ਦੀ ਮੁਰੰਮਤ ਕੀਤੀ। ਬਿਜਲੀ ਅਤੇ ਪਾਣੀ ਮੁਫ਼ਤ ਦਿੱਤਾ। ਇਕ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਣ ਲਈ ਲੋੜੀਂਦੇ ਕੰਮ ਕੀਤੇ ਜਾ ਰਹੇ ਹਨ। ਦਿੱਲੀ ਮਾਡਲ ਅੱਜ ਦੇਸ਼ ਨੂੰ ਇਕ ਦਿਸ਼ਾ ਦਿਖਾ ਰਿਹਾ ਹੈ। ਸਿੱਖਿਆ, ਸਿਹਤ ਅਤੇ ਬਿਜਲੀ ਤਿੰਨ ਵਿਸ਼ੇਸ਼ ਖੇਤਰ ਹਨ ਜਿਨ੍ਹਾਂ ਵਿੱਚ ਦਿੱਲੀ ਵਿੱਚ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਨਾਲ ਪੂਰੇ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। ਪੜ੍ਹਾਈ ਵਿੱਚ ਬਹੁਤ ਵਧੀਆ ਕੰਮ ਕੀਤਾ। 4 ਤੋਂ 5 ਲੱਖ ਬੱਚੇ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ਵਿੱਚ ਆਏ ਹਨ। ਗੁਜਰਾਤ ਵਿੱਚ 6000 ਸਕੂਲ ਅਤੇ ਆਸਾਮ ਵਿੱਚ 4500 ਸਕੂਲ ਬੰਦ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ‘ਚ ਅਸੀਂ ਜਿੰਨਾ ਨਿਵੇਸ਼ ਕੀਤਾ, ਚਾਰ ਤੋਂ ਪੰਜ ਲੱਖ ਬੱਚੇ ਪ੍ਰਾਈਵੇਟ ਤੋਂ ਸਰਕਾਰੀ ‘ਚ ਦਾਖ਼ਲਾ ਲਿਆ। ਅੱਜ ਗਰੀਬਾਂ ਦੇ ਬੱਚਿਆਂ ਨੂੰ ਅਸੀਂ ਇੰਨੀ ਚੰਗੀ ਸਿੱਖਿਆ ਦੇ ਦਿੱਤੀ ਤਾਂ ਪੂਰੇ ਦੇਸ਼ ‘ਚ ਵੀ ਦੇ ਸਕਦੇ ਹਾਂ। ਹਰ ਰਾਜ ‘ਚ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਹਨ। ਤੁਹਾਡੇ ਬੱਚਿਆਂ ‘ਤੇ ਦਬਾਅ ਹੈ ਕਿ ਪ੍ਰਾਈਵੇਟ ‘ਚ ਭੇਜੋ। ਅਜਿਹੇ ‘ਚ ਦਿੱਲੀ ਇਕ ਉਦਾਹਰਣ ਹੈ। ਦੇਸ਼ ਦੇ 10 ਲੱਖ ਸਕੂਲਾਂ ‘ਚ 17 ਕਰੋੜ ਬੱਚੇ ਪੜ੍ਹਦੇ ਹਨ। 5 ਲੱਖ ਕਰੋੜ ‘ਚ ਸਾਰੇ ਸਕੂਲ ਬਿਹਤਰ ਹੋ ਸਕਦੇ ਹਨ ਅਤੇ ਗਰੀਬੀ ਦੂਰ ਹੋ ਸਕਦੀ ਹੈ। ਅੱਜ ਮੈਂ ਦੇਸ਼ ਲਈ ਇਹ ਮਾਡਲ ਦੇ ਰਿਹਾ ਹਾਂ। ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਸਿਹਤ ਦੀ ਗੱਲ ਕਰੀਏ ਤਾਂ ਅਸੀਂ ਹਸਪਤਾਲ ਖੋਲ੍ਹੇ ਹਨ। ਮੁਹੱਲਾ ਕਲੀਨਿਕ ਖੋਲ੍ਹੇ ਪਰ ਭਾਜਪਾ ਨੇ ਪੂਰੀ ਕੋਸ਼ਿਸ਼ ਕੀਤੀ ਹਸਪਤਾਲਾਂ ਦਾ ਬੇੜਾ ਗਰਕ ਕਰਨ। ਉਨ੍ਹਾਂ ਕਿਹਾ ਕਿ ਨਜਫਗੜ੍ਹ ‘ਚ ਸਾਡੇ ਹਸਪਤਾਲ ‘ਚ ਜ਼ਿਆਦਾਤਰ ਲੋਕ ਹਰਿਆਣਾ ਤੋਂ ਆਉਂਦੇ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਹਰਿਆਣਾ ‘ਚ ਤਾਂ ਆਯੂਸ਼ਮਾਨ ਭਾਰਤ ਲਾਗੂ ਹੈ ਅਤੇ ਦੇਸ਼ ਦਾ ਬੋਝ ਅਸੀਂ ਚੁੱਕ ਰੱਖਿਆ ਹੈ।