
ਦਿੱਲੀ ਦੇ ਕੇਂਦਰੀ ਖੇਤਰ ‘ਚ ਸਥਿਤ ਬਾਪਾ ਨਗਰ ‘ਚ ਬੁੱਧਵਾਰ ਸਵੇਰੇ ਇਕ ਦੋ ਮੰਜ਼ਿਲਾ ਮਕਾਨ ਡਿੱਗਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ 12 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਡਿੱਗਣ ਤੋਂ ਬਾਅਦ ਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕੇਂਦਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਐੱਮ ਹਰਸ਼ ਵਰਧਨ ਨੇ ਕਿਹਾ, “12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਰ ਅਜੇ ਵੀ ਕੁਝ ਹੋਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।” ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇੱਕ ਅਧਿਕਾਰੀ ਅਨੁਸਾਰ ਬਾਪਾ ਨਗਰ ਇਲਾਕੇ ਵਿੱਚ ਸਵੇਰੇ 9.11 ਵਜੇ ਮਕਾਨ ਡਿੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੰਜ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਡੀਸੀਪੀ ਵਰਧਨ ਨੇ ਦੱਸਿਆ ਕਿ ਇਮਾਰਤ ਪੁਰਾਣੀ ਸੀ ਅਤੇ ਪ੍ਰਸਾਦ ਨਗਰ ਦੇ ਬਾਪਾ ਨਗਰ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੀਆਂ ਤੰਗ ਗਲੀਆਂ ਵਿੱਚ ਸਥਿਤ ਸੀ।