
ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਣਾਏ ਗਏ ਸੁੰਦਰ ਬੱਸ ਅੱਡੇ ਨੇ ਜਿਥੇ ਸ਼ਹਿਰ ਦੀ ਦਿੱਖ ਨੂੰ ਸੰਵਾਰਿਆ ਹੈ, ਉੱਥੇ ਗੁਰਦਾਸਪੁਰ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ ਲਗਾਉਣ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ 150 ਫੁੱਟ ਉੱਚਾ ਤਿਰੰਗਾ ਝੰਡਾ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਹੀ ਉਹ ਗੁਰਦਾਸਪੁਰ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਬੱਸ ਅੱਡੇ ਦੇ ਸੁੰਦਰੀਕਰਨ ਦੇ ਨਾਲ-ਨਾਲ ਇੱਥੇ ਇਕ ਸੁੰਦਰ ਪਾਰਕ ਵੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਬੱਸ ਸਟੈਂਡ ਦੇ ਨੇੜੇ ਨਗਰ ਸੁਧਾਰ ਟਰੱਸਟ ਦੀ ਦੋ ਏਕੜ ਟਾਊਨ ਪਾਰਕ ਵਾਲੀ ਜਗ੍ਹਾ ਵਿਚ 150 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਯੋਜਨਾ ਬਣਾਈ ਹੈ।