
ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦਾਊਦਨਗਰ ਥਾਣਾ ਖੇਤਰ ‘ਚ ਮੰਗਲਵਾਰ ਨੂੰ ਸੋਨ ਨਹਿਰ ‘ਚ ਕਾਰ ਪਲਟ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਦਾਊਦਨਗਰ ਦੇ ਪੁਲਸ ਅਹੁਦਾ ਅਧਿਕਾਰੀ ਰਿਸ਼ੀ ਰਾਜ ਨੇ ਦੱਸਿਆ ਕਿ ਕਾਰ ਸਵਾਰ ਲੋਕ ਰੋਹਤਾਸ ਜ਼ਿਲ੍ਹੇ ਦੇ ਗੁਪਤਾਧਾਮ ‘ਚ ਦਰਸ਼ਨ ਕਰਨ ਗਏ ਸਨ। ਉੱਥੋਂ ਆਉਂਦੇ ਸਮੇਂ ਮੰਗਲਵਾਰ ਦੀ ਸਵੇਰ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਬਾਰੂਨ-ਦਾਊਦਨਗਰ ਨਹਿਰ ਰੋਡ ਸਥਿਤ ਚਮਨ ਬਿਗਹਾ ਪਿੰਡ ਨੇੜੇ ਨਹਿਰ ‘ਚ ਜਾ ਡਿੱਗੀ।
ਨਹਿਰ ‘ਚ ਪਾਣੀ ਵੱਧ ਹੋਣ ਕਾਰਨ ਕਾਰ ਸਵਾਰ ਸਾਰੇ ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਰ ਸਵਾਰ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ।