ਆਸਾਮ ‘ਚ ਹੜ੍ਹ ਦੀ ਸਥਿਤੀ ਮੰਗਲਵਾਰ ਨੂੰ ਗੰਭੀਰ ਬਣੀ ਰਹੀ, ਜਿੱਥੇ 6.5 ਲੱਖ ਤੋਂ ਵੱਧ ਲੋਕ ਹੜ੍ਹ ਦੀ ਦੂਜੀ ਲਹਿਰ ਤੋਂ ਜੂਝ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ (IAF) ਨੇ ਗੰਭੀਰ ਰੂਪ ਨਾਲ ਪ੍ਰਭਾਵਿਤ ਡਿਬਰੂਗੜ੍ਹ ਜ਼ਿਲ੍ਹੇ ‘ਚ ਫਸੇ 13 ਮਛੇਰਿਆਂ ਨੂੰ ਬਚਾਇਆ। ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ASDMA) ਨੇ ਹਵਾਈ ਫ਼ੌਜ ਤੋਂ ਡਿਬਰੂਗੜ੍ਹ ਦੇ ‘ਚਾਰ’ (ਰੇਤ ਪੱਟੀ) ਖੇਤਰ ਹਤੀਆ ਅਲੀ ਤੋਂ ਮਛੇਰਿਆਂ ਨੂੰ ਬਚਾਉਣ ਦੀ ਬੇਨਤੀ ਕੀਤੀ ਸੀ, ਜੋ ਹੜ੍ਹ ਦੇ ਪਾਣੀ ਵਿਚ ਫਸੇ ਹੋਏ ਸਨ।
ਅਧਿਕਾਰੀ ਨੇ ਦੱਸਿਆ ਕਿ ‘ASDMA ਨੇ ਹਵਾਈ ਫ਼ੌਜ ਤੋਂ ਇਨ੍ਹਾਂ 13 ਫਸੇ ਮਛੇਰਿਆਂ ਨੂੰ ਏਅਰਲਿਫਟ ਕਰਨ ਦੀ ਬੇਨਤੀ ਕੀਤੀ। ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਏਅਰਲਿਫਟ ਕਰਨ ਦਾ ਸਾਰਾ ਖਰਚਾ ASDMA ਵਲੋਂ ਚੁੱਕਿਆ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਹਵਾਈ ਫ਼ੌਜ ਨੇ 8 ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮੀਆਂ ਅਤੇ ਧੀਮਾਜੀ ਜ਼ਿਲ੍ਹੇ ਦੇ ਜੋਨਈ ਤੋਂ ਇਕ ਮਾਲ ਅਧਿਕਾਰੀ ਨੂੰ ਬਚਾਇਆ ਸੀ, ਜਦੋਂ ਉਹ ਰਾਹਤ ਕਾਰਜਾਂ ਦੌਰਾਨ ਇਕ ਹੋਰ ਰੇਤਬਾਰ ਖੇਤਰ ‘ਚ ਫਸੇ ਹੋਏ ਸਨ। ਡਿਬਰੂਗੜ੍ਹ ਜ਼ਿਲ੍ਹਾ ਮੌਜੂਦਾ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਉੱਪਰੀ ਆਸਾਮ ਦਾ ਪ੍ਰਮੁੱਖ ਸ਼ਹਿਰ ਲਗਾਤਾਰ 6ਵੇਂ ਦਿਨ ਡੁੱਬਿਆ ਹੋਇਆ ਹੈ।