
ਕਮਿਸ਼ਨਰੇਟ ਪੁਲਸ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਕੋਲੋਂ 50 ਲੱਖ ਰੁਪਏ ਨਾਲੋਂ ਵੀ ਜ਼ਿਆਦਾ ਦੀ ਹਵਾਲਾ ਰਕਮ ਫੜੀ ਹੈ। ਪੁਲਸ ਨੇ ਹਵਾਲਾ ਰਕਮ ਦੇ ਨਾਲ 2 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਜਲੰਧਰ ਦੇ ਹੀ ਹਨ ਪਰ ਇਹ ਨੈੱਟਵਰਕ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ। ਕਮਿਸ਼ਨਰੇਟ ਪੁਲਸ ਫਿਲਹਾਲ ਇਸ ਮਾਮਲੇ ਤੋਂ ਪਰਦਾ ਨਹੀਂ ਚੁੱਕ ਰਹੀ। ਆਉਣ ਵਾਲੇ ਦਿਨਾਂ ’ਚ ਪੁਲਸ ਦੇ ਉੱਚ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦੀ ਪੁਸ਼ਟੀ ਕਰ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਕਸੂਦਾਂ ਸਬਜ਼ੀ ਮੰਡੀ ਕੋਲ ਨਾਕਾਬੰਦੀ ਦੌਰਾਨ ਇਕ ਗੱਡੀ ਨੂੰ ਰੋਕਿਆ ਸੀ। ਪੁਲਸ ਨੂੰ ਵੇਖ ਕੇ ਗੱਡੀ ’ਚ ਸਵਾਰ ਦੋਵੇਂ ਲੋਕ ਸਹਿਮ ਗਏ। ਸ਼ੱਕ ਪੈਣ ’ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਕ ਬੈਗ ’ਚੋਂ 50 ਲੱਖ ਰੁਪਏ ਕੈਸ਼ ਮਿਲਿਆ। ਜ਼ਿਆਦਾਤਰ ਕੈਸ਼ 500-500 ਰੁਪਏ ਦੇ ਨੋਟ ਸਨ।