
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਸਰਕਾਰ ਘਰੇਲੂ ਸੰਸਥਾਵਾਂ ਵਿਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਸਾਲ 2024-25 ਦਾ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਧੇ ਈ-ਵਾਉਚਰ ਦਿੱਤੇ ਜਾਣਗੇ, ਜਿਸ ਵਿਚ ਕਰਜ਼ੇ ਦੀ ਰਕਮ ਦਾ ਤਿੰਨ ਫੀਸਦੀ ਵਿਆਜ ਸਬਸਿਡੀ ਵੀ ਦਿੱਤੀ ਜਾਵੇਗੀ। ਵਿੱਤ ਮੰਤਰੀ ਦੁਆਰਾ ਹੁਨਰ ਵਿਕਾਸ ਖੇਤਰ ਲਈ ਐਲਾਨ ਕੀਤੇ ਗਏ ਉਪਾਵਾਂ ਵਿਚ 1,000 ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਨੂੰ ‘ਹੱਬ ਅਤੇ ਸਪੋਕ ਮਾਡਲ’ ਵਿਚ ਅਪਗ੍ਰੇਡ ਕਰਨਾ, ਉਦਯੋਗਾਂ ਦੀਆਂ ਹੁਨਰ ਲੋੜਾਂ ਨਾਲ ਪਾਠਕ੍ਰਮ ਸਮੱਗਰੀ ਨੂੰ ਇਕਸਾਰ ਕਰਨਾ ਅਤੇ ਮਾਡਲ ਹੁਨਰ ਕਰਜ਼ਾ ਯੋਜਨਾ ਵਿਚ ਸੋਧ ਕਰਨਾ ਸ਼ਾਮਲ ਹੈ। ਸੀਤਾਰਮਨ ਨੇ ਕਿਹਾ, “ਸਾਡੇ ਨੌਜਵਾਨਾਂ ਦੀ ਮਦਦ ਕਰਨ ਲਈ ਜੋ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੇ ਤਹਿਤ ਕਿਸੇ ਵੀ ਲਾਭ ਲਈ ਯੋਗ ਨਹੀਂ ਹਨ, ਸਰਕਾਰ ਘਰੇਲੂ ਸੰਸਥਾਵਾਂ ਵਿਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਸ ਮੰਤਵ ਲਈ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਧੇ ਈ-ਵਾਉਚਰ ਦਿੱਤੇ ਜਾਣਗੇ, ਜਿਨ੍ਹਾਂ ‘ਤੇ ਕਰਜ਼ੇ ਦੀ ਰਕਮ ‘ਤੇ ਤਿੰਨ ਫੀਸਦੀ ਵਿਆਜ ਸਬਸਿਡੀ ਹੋਵੇਗੀ।”