
ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਕਣਕ ’ਚ ਲਗਾਤਾਰ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਦੌਰਾਨ ਮੋਦੀ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਸਿਰਫ 1 ਮਹੀਨੇ ਦਾ ਮੁਫਤ ਅਨਾਜ ਹੀ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਲਾਭਪਾਤਰ ਪਰਿਵਾਰਾਂ, ਡਿਪੂ ਹੋਲਡਰਾਂ, ਇਥੋਂ ਤੱਕ ਕਿ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਚ ਦੁਵਿਧਾ ਦਾ ਮਾਹੌਲ ਬਣਿਆ ਹੋਇਆ ਹੈ।
ਕਾਬਿਲ-ਏ-ਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ 6 ਮਹੀਨਿਆਂ ਦਾ ਇਕੱਠਾ ਅਨਾਜ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਯੋਜਨਾ ’ਚ ਫੇਰਬਦਲ ਕਰਦੇ ਹੋਏ ਲਾਭਪਾਤਰ ਪਰਿਵਾਰਾਂ ਨੂੰ 3 ਮਹੀਨੇ ਦਾ ਮੁਫਤ ਅਨਾਜ ਦੇਣ ਦਾ ਖਾਕਾ ਤਿਆਰ ਕੀਤਾ ਸੀ, ਜਦੋਂਕਿ ਇਸ ਤੋਂ ਬਾਅਦ ਦੇਸ਼ ਭਰ ’ਚ ਹੋਈਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਸ਼ਨ ਕਾਰਡਧਾਰਕਾਂ ਨੂੰ 2 ਮਹੀਨਿਆਂ ਦਾ ਮੁਫਤ ਅਨਾਜ ਦਿੱਤਾ ਗਿਆ ਅਤੇ ਹੁਣ ਯੋਜਨਾ ਤਹਿਤ ਲੱਖਾਂ ਪਰਿਵਾਰਾਂ ਨੂੰ ਸਿਰਫ 1 ਮਹੀਨੇ ਦਾ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ, ਜੋ ਪੰਜਾਬ ਦੇ 40 ਲੱਖ ਦੇ ਕਰੀਬ ਰਾਸ਼ਨ ਕਾਰਡਧਾਰਕਾਂ ਨਾਲ ਜੁੜੇ ਕਰੀਬ 1.70 ਕਰੋੜ ਮੈਂਬਰਾਂ ਲਈ ਸਰਕਾਰ ਵੱਲੋਂ ਦਿੱਤਾ ਵੱਡਾ ਝਟਕਾ ਸਾਬਤ ਹੋ ਰਿਹਾ ਹੈ।