
ਮੈਕਸੀਕੋ ਦੇ ਰਾਸ਼ਟਰਪਤੀ ਚੋਣ ਦੀ ਸੰਭਾਵਿਤ ਜੇਤੂ ਕਲਾਉਡੀਆ ਸ਼ੇਨਬੌਮ ਦੇਸ਼ ਦੇ 200 ਸਾਲਾਂ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਪਹਿਲੀ ਮਹਿਲਾ ਹੋਵੇਗੀ। ਇੱਕ ਜਲਵਾਯੂ ਵਿਗਿਆਨੀ ਅਤੇ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਸ਼ੀਨਬੌਮ ਨੇ ਐਤਵਾਰ ਰਾਤ ਕਿਹਾ ਕਿ ਉਸਦੇ ਦੋ ਵਿਰੋਧੀਆਂ ਨੇ ਉਸਦੀ ਜਿੱਤ ਨੂੰ ਸਵੀਕਾਰ ਕਰ ਲਿਆ ਹੈ। ਸ਼ੀਨਬੌਮ ਨੇ ਇੱਕ ਹੋਟਲ ਦੇ ਬਾਹਰ ਮੁਸਕਰਾਉਂਦੇ ਹੋਏ ਕਿਹਾ,”ਮੈਂ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵਾਂਗੀ।”
ਇਸ ਤੋਂ ਕੁਝ ਸਮਾਂ ਪਹਿਲਾਂ ਚੋਣ ਅਧਿਕਾਰੀਆਂ ਨੇ ਕੁਝ ਅੰਕੜੇ ਪੇਸ਼ ਕੀਤੇ ਹਨ, ਜਿਸ ਵਿਚ ਉਹ ਲੀਡ ਹਾਸਲ ਕਰਦੀ ਨਜ਼ਰ ਆ ਰਹੀ ਹੈ। ਸ਼ੀਨਬੌਮ ਨੇ ਕਿਹਾ.”ਮੈਂ ਇਹ ਇਕੱਲੀ ਨਹੀਂ ਕਰ ਸਕਦੀ ਸੀ। ਅਸੀਂ ਸਾਰਿਆਂ ਨੇ ਮਿਲ ਕੇ ਇਹ ਕੀਤਾ ਹੈ। ਇਸ ਵਿੱਚ ਸਾਡੀ ਮਾਤ ਭੂਮੀ ਦੀਆਂ ਬਹਾਦਰ ਔਰਤਾਂ, ਮਾਵਾਂ ਅਤੇ ਧੀਆਂ ਦਾ ਪੂਰਾ ਸਹਿਯੋਗ ਰਿਹਾ। ਅਸੀਂ ਦਿਖਾਇਆ ਹੈ ਕਿ ਮੈਕਸੀਕੋ ਇੱਕ ਲੋਕਤੰਤਰੀ ਦੇਸ਼ ਹੈ, ਜਿੱਥੇ ਸ਼ਾਂਤੀਪੂਰਨ ਚੋਣਾਂ ਹੋਈਆਂ ਹਨ।” ਨੈਸ਼ਨਲ ਇਲੈਕਟੋਰਲ ਇੰਸਟੀਚਿਊਟ ਦੇ ਮੁਖੀ ਨੇ ਦੱਸਿਆ ਕਿ ਅੰਕੜਿਆਂ ਮੁਤਾਬਕ ਸ਼ੇਨਬੌਮ ਨੂੰ 58.3 ਫੀਸਦੀ ਤੋਂ 60.7 ਫੀਸਦੀ ਵੋਟਾਂ ਮਿਲੀਆਂ ਹਨ। ਵਿਰੋਧੀ ਉਮੀਦਵਾਰ ਜ਼ੋਚਿਟਲ ਗਾਲਵੇਜ਼ ਨੂੰ 26.6 ਤੋਂ 28.6 ਫੀਸਦੀ ਵੋਟਾਂ ਮਿਲੀਆਂ ਜਦਕਿ ਜੋਰਜ ਅਲਵਾਰੇਜ਼ ਮੇਨੇਜ਼ ਨੂੰ 9.9 ਤੋਂ 10.8 ਫੀਸਦੀ ਵੋਟਾਂ ਮਿਲੀਆਂ।