
ਭਿਆਨਕ ਗਰਮੀ ਨਾਲ ਜੂਝ ਰਹੇ ਭਾਰਤ ਦੇ ਅੱਧੇ ਤੋਂ ਵੱਧ ਸੂਬੇ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ (IMD) ਨੇ ਇਸ ‘ਤੇ ਖੁਸ਼ਖਬਰੀ ਦਿੱਤੀ ਹੈ। ਅੱਜ ਭਾਵ 29 ਮਈ ਤੋਂ 30 ਮਈ ਦੇ ਦਰਮਿਆਨ ਕਿਸੇ ਵੀ ਸਮੇਂ ਮਾਨਸੂਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਸਕਦਾ ਹੈ। ਯਾਨੀ 24 ਘੰਟਿਆਂ ਦੇ ਅੰਦਰ ਕੇਰਲ ਵਿੱਚ ਮਾਨਸੂਨ ਦੀ ਦਸਤਕ ਹੋ ਸਕਦੀ ਹੈ। ਆਈਐਮਡੀ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੇਰਲ ਵਿੱਚ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਬਣੇ ਰਹਿਣਗੇ।
ਕੇਰਲ ਵਿੱਚ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਰਿਹਾ ਹੈ। ਰਾਜ ਵਿੱਚ ਮਾਨਸੂਨ ਦੀ ਆਮ ਤਾਰੀਖ 1 ਜੂਨ ਹੈ। ਹਾਲਾਂਕਿ, 3-4 ਦਿਨ ਅੱਗੇ ਪਿੱਛੇ ਹੋਣਾ ਵੀ ਆਮ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਕੇਰਲ ‘ਚ 30 ਮਈ ਨੂੰ ਪਹੁੰਚ ਸਕਦਾ ਹੈ। ਇਸ ਤੋਂ ਬਾਅਦ ਸੂਬੇ ‘ਚ ਭਾਰੀ ਮੀਂਹ ਦੇਖਣ ਨੂੰ ਮਿਲੇਗਾ। ਹਾਲਾਂਕਿ, ਕੇਰਲ ਪਹਿਲਾਂ ਹੀ ਭਾਰੀ ਮੀਂਹ ਅਤੇ ਪਾਣੀ ਭਰਨ ਨਾਲ ਜੂਝ ਰਿਹਾ ਹੈ।
ਆਈਐਮਡੀ ਨੇ ਕਿਹਾ ਸੀ ਕਿ ਕੇਰਲ ਵਿੱਚ ਹੋ ਰਹੀ ਪ੍ਰੀ-ਮਾਨਸੂਨ ਬਾਰਸ਼ ਜਲਦੀ ਹੀ ਮਾਨਸੂਨ ਬਾਰਸ਼ ਵਿੱਚ ਬਦਲ ਜਾਵੇਗੀ। ਮੌਸਮ ਵਿਭਾਗ (IMD) ਨੇ ਅੱਜ ਕੋਟਾਯਮ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਤਿੰਨ ਹੋਰ ਜ਼ਿਲ੍ਹਿਆਂ ਵਿੱਚ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਇਲਾਕਿਆਂ ‘ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ।
ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਕੇਰਲ ‘ਚ ਪਹੁੰਚਣ ਤੋਂ ਬਾਅਦ ਮਾਨਸੂਨ ਅਗਲੇ 8 ਤੋਂ 10 ਦਿਨਾਂ ‘ਚ ਮੁੰਬਈ ਪਹੁੰਚ ਸਕਦਾ ਹੈ ਪਰ ਮੌਨਸੂਨ ਨੂੰ ਉੱਤਰੀ ਭਾਰਤ ‘ਚ ਪਹੁੰਚਣ ‘ਚ ਸਮਾਂ ਲੱਗੇਗਾ। ਮਾਨਸੂਨ 15 ਜੂਨ ਤੱਕ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਵਿੱਚ ਦਾਖਲ ਹੋ ਸਕਦਾ ਹੈ। 20 ਜੂਨ ਤੱਕ ਇਹ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚ ਪਹੁੰਚ ਸਕਦਾ ਹੈ। ਉੱਤਰੀ ਭਾਰਤ ਤੱਕ ਪਹੁੰਚਣ ਵਿੱਚ ਲਗਭਗ 30 ਦਿਨ ਯਾਨੀ 29 ਜੂਨ ਤੱਕ ਦਾ ਸਮਾਂ ਲੱਗ ਸਕਦਾ ਹੈ। ਪਤਾ ਲੱਗਾ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਜੂਨ ਤੋਂ ਸਤੰਬਰ ਤੱਕ ਲੰਬੇ ਅਰਸੇ ਦੌਰਾਨ 106 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।