
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਨਵੇਂ ਚੁਣੇ ਗਏ 6 ਵਿਧਾਇਕਾਂ ਨੇ ਬੁੱਧਵਾਰ ਨੂੰ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਸਾਬਕਾ ਮੰਤਰੀ ਅਤੇ ਧਰਮਸ਼ਾਲਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਸੁਧੀਰ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਲਾਹੌਲ ਅਤੇ ਸਪੀਤੀ ਤੋਂ ਕਾਂਗਰਸ ਵਿਧਾਇਕ ਅਨੁਰਾਧਾ ਰਾਣਾ ਨੇ ਸਹੁੰ ਚੁੱਕੀ। ਸਹੁੰ ਚੁੱਕਣ ਵਾਲੇ ਹੋਰਨਾਂ ਆਗੂਆਂ ਵਿਚ ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਕੈਪਟਨ ਰਣਜੀਤ ਸਿੰਘ, ਬਡਸਰ ਤੋਂ ਭਾਜਪਾ ਵਿਧਾਇਕ ਇੰਦਰ ਦੱਤ ਲਖਨਪਾਲ, ਗਗਰੇਟ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਅਤੇ ਕੁਟਲੈਹੜ ਤੋਂ ਕਾਂਗਰਸੀ ਵਿਧਾਇਕ ਵਿਵੇਕ ਸ਼ਰਮਾ ਸ਼ਾਮਲ ਸਨ। ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਨਵੇਂ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਵਿਧਾਨ ਸਭਾ ਵਿਚ ਸੂਬੇ ਅਤੇ ਲੋਕ ਭਲਾਈ ਦੇ ਮੁੱਦੇ ਚੁੱਕਣਗੇ। ਇਕ ਜੂਨ ਨੂੰ ਹੋਈਆਂ ਜ਼ਿਮਨੀ ਚੋਣਾਂ ‘ਚ ਕਾਂਗਰਸ ਨੇ 6 ‘ਚੋਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ, ਜਦਕਿ ਭਾਜਪਾ ਨੇ 2 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਨੂੰ ਸਦਨ ਵਿਚ ਪੂਰਨ ਬਹੁਮਤ ਲਈ ਸਿਰਫ਼ ਇਕ ਸੀਟ ਦੀ ਲੋੜ ਹੈ ਅਤੇ ਜਨਤਾ ਨੇ ਪਾਰਟੀ ਦੇ ਬਾਗੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਆਤਮਾ ਵੇਚ ਕੇ ਭਾਜਪਾ ਦੇ ਟਿਕਟ ‘ਤੇ ਚੋਣ ਲੜੀ ਸੀ।