
2 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਰੂਸ-ਯੂਕਰੇਨ ਜੰਗ ਵਿਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ, ਜਿਸ ਦੇ ਬਾਵਜੂਦ ਦੋਵੇਂ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਇਸ ਦੌਰਾਨ ਖ਼ਬਰ ਹੈ ਕਿ ਰੂਸੀ ਬਲਾਂ ਨੇ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਯੂਕਰੇਨ ਦਾ ਸਮਰਥਨ ਕਰਨ ਵਾਲੇ ਪੱਛਮੀ ਦੇਸ਼ਾਂ ਨੂੰ ਫਟਕਾਰ ਦੇ ਵਿਚਕਾਰ ਯੂਕਰੇਨ ਨੇ ਰੂਸ ਦੇ ਪਰਮਾਣੂ ਰਾਡਾਰ ਸਟੇਸ਼ਨ ‘ਤੇ ਹਮਲਾ ਕੀਤਾ ਹੈ। ਯੂਕਰੇਨੀ ਡਰੋਨਾਂ ਨੇ ਰੂਸ ਦੇ ਪਰਮਾਣੂ ਬੁਨਿਆਦੀ ਢਾਂਚੇ ਦੇ ਇਕ ਮਹੱਤਵਪੂਰਨ ਹਿੱਸੇ, ਆਰਮਾਵੀਰ ਰਾਡਾਰ ਸਟੇਸ਼ਨ ‘ਤੇ ਹਮਲਾ ਕਰ ਦਿੱਤਾ, ਜੋ ਆਉਣ ਵਾਲੀਆਂ ਪਰਮਾਣੂ ਮਿਜ਼ਾਈਲਾਂ ‘ਤੇ ਨਜ਼ਰ ਰੱਖਦਾ ਹੈ। ਰੂਸ ਯੂਕਰੇਨੀ ਮਿਜ਼ਾਈਲਾਂ ਨੂੰ ਟਰੈਕ ਕਰਨ ਲਈ ਇਸ ਸਹੂਲਤ ਦੀ ਵਰਤੋਂ ਕਰ ਰਿਹਾ ਸੀ, ਜਿਸ ਵਿੱਚ ATACMS ਵੀ ਸ਼ਾਮਲ ਹੈ, ਜੋ ਅਮਰੀਕਾ ਨੇ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ। ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟਸ ਦੇ ਪਰਮਾਣੂ ਹਥਿਆਰਾਂ ਦੇ ਮਾਹਿਰ ਹੈਂਸ ਕ੍ਰਿਸਟਨਸਨ ਨੇ ਕਿਹਾ ਕਿ ਇਹ “ਯੂਕਰੇਨ ਵਲੋਂ ਇੱਕ ਮੂਰਖਤਾਪੂਰਨ ਫ਼ੈਸਲਾ ਹੈ।” ਨਾਰਵੇਈ ਫੌਜੀ ਵਿਸ਼ਲੇਸ਼ਕ ਨੇ ਕਿਹਾ ਕਿ, “ਇਹ ਸਾਰਿਆਂ ਦੇ ਹਿੱਤ ਵਿੱਚ ਹੈ ਕਿ ਰੂਸ ਦੀ ਬੈਲਿਸਟਿਕ ਮਿਜ਼ਾਈਲ ਚਿਤਾਵਨੀ ਪ੍ਰਣਾਲੀ ਚੰਗੀ ਤਰ੍ਹਾਂ ਕੰਮ ਕਰੇ।”