
ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲੋਕ ਸਭਾ ਦੀਆਂ ਮੌਜੂਦਾ ਚੋਣਾਂ ’ਚ ਚਿਰਾਗ ਪਾਸਵਾਨ ਨੂੰ ਉਹੀ ‘ਤੋਹਫ਼ਾ’ ਵਾਪਸ ਕਰ ਰਹੇ ਹਨ ਜੋ ਚਿਰਾਗ ਨੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਦਿੱਤਾ ਸੀ।
ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ (ਰਾਮ ਵਿਲਾਸ) ਪਾਰਟੀ ਬਿਹਾਰ ’ਚ ਲੋਕ ਸਭਾ ਦੀਆਂ 40 ’ਚੋਂ 5 ਸੀਟਾਂ ’ਤੇ ਚੋਣ ਲੜ ਰਹੀ ਹੈ। ਨਿਤੀਸ਼ ਕੁਮਾਰ ਉਨ੍ਹਾਂ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਭਾਜਪਾ ਅਤੇ ਜਨਤਾ ਦਲ (ਯੂ) ਨੇ ਵੀ ਵਿਹਾਰਕ ਮੰਤਵਾਂ ਲਈ ਕੁਝ ਹਫ਼ਤਿਆਂ ਬਾਅਦ ਸਾਂਝੀ ਪ੍ਰਚਾਰ ਮੁਹਿੰਮ ਨੂੰ ਛੱਡ ਦਿੱਤਾ ਹੈ। ਜਨਤਾ ਦਲ (ਯੂ) ਇਸ ਗੱਲ ਤੋਂ ਦੁਖੀ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਅਚਾਨਕ ਪ੍ਰਚਾਰ ਦੀ ਆਪਣੀ ਸੁਰ ਕਿਉਂ ਬਦਲ ਲਈ ਹੈ । ਮੁਸਲਿਮ ਭਾਈਚਾਰੇ ’ਚ ਪਛੜੀਆਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦੇਣ ਵਿਰੁੱਧ ਉਸ ਨੇ ਹੁਣ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਨਤਾ ਦਲ (ਯੂ) ਦਾ ਸਭ ਤੋਂ ਮਾੜਾ ਪ੍ਰਦਰਸ਼ਨ ਇਸ ਲਈ ਹੋਇਆ ਕਿਉਂਕਿ ਚਿਰਾਗ ਪਾਸਵਾਨ ਨੇ ਐੱਨ. ਡੀ. ਏ. ਛੱਡ ਦਿੱਤਾ ਸੀ । 80 ਉਮੀਦਵਾਰਾਂ ਨੂੰ ਇਸ ਤਰ੍ਹਾਂ ਮੈਦਾਨ ਵਿਚ ਉਤਾਰਿਆ ਸੀ ਕਿ ਨਿਤੀਸ਼ ਬੁਰੀ ਤਰ੍ਹਾਂ ਹਾਰ ਜਾਣ। ਨਾਰਾਜ਼ ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ । ਉਹ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋ ਕੇ ਇਸ ਦੇ ਕੌਮੀ ਕਨਵੀਨਰ ਬਣ ਗਏ। ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਤੇ ਚਿਰਾਗ ਪਾਸਵਾਨ ਅਤੇ ਛੋਟੇ ਸਹਿਯੋਗੀਆਂ ਨਾਲ ਗੱਠਜੋੜ ਕੀਤਾ।