
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਗੁਜਰਾਤ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਸਮਰਥਨ ‘ਚ 2 ਮਈ ਨੂੰ ਚੋਣ ਪ੍ਰਚਾਰ ਕਰੇਗੀ ਅਤੇ ਉਨ੍ਹਾਂ ਦੇ ਰੋਡ ਸ਼ੋਅ ‘ਚ ਵੀ ਸ਼ਾਮਲ ਹੋਵੇਗੀ। ਪਾਰਟੀ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਆਪ’ ਨੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡੈਵਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਵਲੋਂ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟ ‘ਤੇ ਉਮੀਦਵਾਰ ਉਤਾਰੇ ਹਨ।
‘ਆਪ’ ਨੇ ਇਕ ਬਿਆਨ ‘ਚ ਕਿਹਾ,”ਸੁਨੀਤਾ ਕੇਜਰੀਵਾਲ ਵੀਰਵਾਰ ਨੂੰ ਭਰੂਚ ਅਤੇ ਭਾਵਨਗਰ ਚੋਣ ਖੇਤਰ ‘ਚ ਪਾਰਟੀ ਉਮੀਦਵਾਰਾਂ ਦੇ ਰੋਡ ਸ਼ੋਅ ‘ਚ ਹਿੱਸਾ ਲਵੇਗੀ।” ਮਨੀ ਲਾਂਡਰਿੰਗ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਬੰਦ ਆਪਣੇ ਪਤੀ ਦੀ ਗੈਰ-ਮੌਜੂਦਗੀ ‘ਚ ਸੁਨੀਤਾ ਕੇਜਰੀਵਾਲ ਨੇ ‘ਆਪ’ ਦੇ ਲੋਕ ਸਭਾ ਚੋਣ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਨੇ ਹਾਲ ਹੀ ‘ਚ ਪੂਰਬੀ ਦਿੱਲੀ ਅਤੇ ਪੱਛਮੀ ਦਿੱਲੀ ਲੋਕ ਸਭਾ ਸੀਟ ‘ਤੇ ਰੋਡ ਸ਼ੋਅ ਕੀਤਾ, ਜਿੱਥੇ ‘ਆਪ’ ਨੇ ਆਪਣੇ ਉਮੀਦਵਾਰ ਉਤਾਰੇ ਹਨ। ਪਾਰਟੀ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ ‘ਚ ਵੀ ‘ਆਪ’ ਲਈ ਚੋਣ ਪ੍ਰਚਾਰ ਕਰਨ ਦਾ ਪ੍ਰੋਗਰਾਮ ਹੈ।