
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਇਕ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੀ 3 ਸਾਲ ਦੀ ਧੀ ਦਾ ਕਤਲ ਕਰ ਦਿੱਤਾ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਪਹਿਲਾਂ ਲਾਸ਼ ਨੂੰ ਲੈ ਕੇ ਕਰੀਬ 4 ਕਿਲੋਮੀਟਰ ਤੱਕ ਸੜਕਾਂ ‘ਤੇ ਘੁੰਮਦੀ ਰਹੀ । ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਐਮਆਈਡੀਸੀ ਥਾਣਾ ਖੇਤਰ ਵਿਚ ਵਾਪਰੀ। ਮੁਲਜ਼ਮ ਟਵਿੰਕਲ ਰਾਉਤ (23) ਅਤੇ ਉਸ ਦਾ ਪਤੀ ਰਾਮ ਲਕਸ਼ਮਣ ਰਾਉਤ (24) ਚਾਰ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ’ਚ ਨਾਗਪੁਰ ਆਏ ਸਨ। ਪੁਲਿਸ ਨੇ ਦੱਸਿਆ ਕਿ ਉਹ ਕਾਗਜ਼ੀ ਉਤਪਾਦਾਂ ਦੀ ਇੱਕ ਕੰਪਨੀ ’ਚ ਕੰਮ ਕਰਦੇ ਸਨ ਅਤੇ ਐਮਆਈਡੀਸੀ ਖੇਤਰ ’ਚ ਹਿੰਗਨਾ ਰੋਡ ਉੱਤੇ ਕੰਪਨੀ ਦੇ ਅਹਾਤੇ ’ਚ ਇੱਕ ਕਮਰੇ ਵਿਚ ਰਹਿੰਦੇ ਸਨ। ਉਨ੍ਹਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ।
ਇਸ ਸਬੰਧੀ ਐੱਮ.ਆਈ.ਡੀ.ਸੀ. ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਤਕਰਾਰਬਾਜ਼ੀ ਦੌਰਾਨ ਉਨ੍ਹਾਂ ਦੀ ਬੱਚੀ ਰੋਣ ਲੱਗੀ। ਅਧਿਕਾਰੀ ਨੇ ਦੱਸਿਆ ਕਿ ਔਰਤ ਗੁੱਸੇ ‘ਚ ਆ ਕੇ ਆਪਣੀ ਬੇਟੀ ਨੂੰ ਘਰੋਂ ਬਾਹਰ ਲੈ ਗਈ ਅਤੇ ਇਕ ਦਰੱਖਤ ਹੇਠਾਂ ਬੱਚੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਬਾਅਦ ‘ਚ ਉਹ ਲਾਸ਼ ਨੂੰ ਲੈ ਕੇ ਕਰੀਬ 4 ਕਿਲੋਮੀਟਰ ਤੱਕ ਘੁੰਮਦੀ ਰਹੀ ਅਤੇ ਰਾਤ 8 ਵਜੇ ਦੇ ਕਰੀਬ ਉਸ ਨੇ ਪੁਲਿਸ ਦੀ ਗੱਡੀ ਦੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ।