
ਆਮ ਆਦਮੀ ਪਾਰਟੀ (ਆਪ) ਨੇਤਾ ਆਤਿਸ਼ੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਗੈਰ-ਕਾਨੂੰਨੀ ਭਰਤੀ ਮਾਮਲੇ ‘ਚ ਗ੍ਰਿਫ਼ਤਾਰੀ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਨੇ ‘ਬਲੈਕਮੇਲ’ ਕਰ ਕੇ ਮੁੱਖ ਮੰਤਰੀ ਕੇਜਰੀਵਾਲ ਖ਼ਿਲਾਫ਼ ਸਾਜਿਸ਼ ਦਾ ਹਿੱਸਾ ਬਣਾਇਆ। ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਗਾਇਆ ਹੈ ਕਿ ਮਾਲੀਵਾਲ ਸੋਮਵਾਰ ਨੂੰ ਮਿਲਣ ਦਾ ਸਮਾਂ ਲਏ ਬਿਨਾਂ ਮੁੱਖ ਮੰਤਰੀ ਦੇ ਅਧਿਕਾਰਤ ਘਰ ਪਹੁੰਚੀ। ਆਤਿਸ਼ੀ ਨੇ ਕਿਹਾ,”ਉਹ ਅੰਦਰ ਕਿਉਂ ਗਈ? ਉਹ ਮਿਲਣ ਦਾ ਸਮਾਂ ਲਏ ਬਿਨਾਂ ਮੁੱਖ ਮੰਤਰੀ ਦੇ ਘਰ ਕਿਉਂ ਪਹੁੰਚੀ? ਉਸੇ ਦਿਨ ਕੇਜਰੀਵਾਲ ਰੁਝੇ ਸਨ ਅਤੇ ਉਨ੍ਹਾਂ ਨੂੰ ਨਹੀਂ ਮਿਲੇ। ਜੇਕਰ ਉਹ ਉਸ ਦਿਨ ਉਨ੍ਹਾਂ ਨੂੰ ਮਿਲੇ ਹੁੰਦੇ ਤਾਂ ਬਿਭਵ ਕੁਮਾਰ ਖ਼ਿਲਾਫ਼ ਲਗਾਏ ਗਏ ਦੋਸ਼ ਉਨ੍ਹਾਂ (ਕੇਜੀਰਵਾਲ) ਖ਼ਿਲਾਫ਼ ਲਗਾਏ ਜਾ ਸਕਦੇ ਸਨ।”ਆਤਿਸ਼ੀ ਨੇ ਕਿਹਾ ਕਿ ਜੇਕਰ ਦਿੱਲੀ ਪੁਲਸ ਨਿਰਪੱਖ ਹੈ ਤਾਂ ਉਸ ਨੂੰ ਮਾਲੀਵਾਲ ਖ਼ਿਲਾਫ਼ ਕੁਮਾਰ ਦੀ ਸ਼ਿਕਾਇਤ ‘ਤੇ ਵੀ ਐੱਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ,”ਕੀ ਦਿੱਲੀ ਪੁਲਸ ਮਾਲੀਵਾਲ ਖ਼ਿਲਾਫ਼ ਸੁਰੱਖਿਆ ਦੀ ਉਲੰਘਣਾ ਅਤੇ ਇਕ ਸਰਕਾਰੀ ਕਰਮਚਾਰੀ ਨੂੰ ਉਸ ਦੇ ਕਰਤੱਵ ਦੀ ਪਾਲਣਾ ਤੋਂ ਰੋਕਣ ਦਾ ਮਾਮਲਾ ਦਰਜ ਕਰੇਗੀ? ਜੇਕਰ ਦਿੱਲੀ ਪੁਲਸ ਨਿਰਪੱਖ ਹੈ ਤਾਂ ਉਸ ਨੂੰ ਬਿਭਵ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ। ਕੀ ਉਹ ਬਿਭਵ ਦੀ ਸ਼ਿਕਾਇਤ ‘ਤੇ ਉਸੇ ਤਰ੍ਹਾਂ ਕਾਰਵਾਈ ਕਰੇਗੀ, ਜਿਸ ਤਰ੍ਹਾਂ ਨਾਲ ਮਾਲੀਵਾਲ ਦੀ ਸ਼ਿਕਾਇਤ ‘ਤੇ ਕੀਤੀ ਗਈ? ਆਤਿਸ਼ੀ ਨੇ ਕਿਹਾ ਕਿ ਮਾਲੀਵਾਲ ਦੇ ਕਾਲ ਰਿਕਾਰਡ ਦੀ ਜਾਂਚ ਅਤੇ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ (ਇਹ ਦੇਖਣ ਲਈ) ਕਿ ਉਹ ਕਿਹੜੇ ਭਾਜਪਾ ਨੇਤਾਵਾਂ ਦੇ ਸੰਪਰਕ ‘ਚ ਸੀ।