
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਲਗਾਤਾਰ ਨਾਰਾਜ਼ਗੀਆਂ ਚੱਲ ਰਹੀਆਂ ਹਨ। ਦਰਅਸਲ ਸੀਨੀਅਰ ਕਾਂਗਰਸੀ ਆਗੂ ਦਲਬੀਰ ਗੋਲਡੀ ਨੇ ਇਕ ਪੋਸਟ ਪਾ ਕੇ ਸਿਆਸੀ ਗਲਿਆਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਲੋਂ ਟਿਕਟ ਨਹੀਂ ਦਿੱਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਕਾਂਗਰਸ ਦੇ ਹੋਰ ਆਗੂਆਂ ਵਲੋਂ ਦਲਬੀਰ ਗੋਲਡੀ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।
ਦਲਬੀਰ ਗੋਲਡੀ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਕ ਨਵਾਂ ਰਾਹ ਲੱਭਣ ਦੀ ਗੱਲ ਕਹੀ ਹੈ, ਜਿਸ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਦਲਬੀਰ ਗੋਲਡੀ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਹਨ। ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸੰਗਰੂਰ ਤੋਂ ਟਿਕਟ ਮਿਲਣ ਦੀਆਂ ਚਰਚਾਵਾਂ ਵੀ ਜ਼ੋਰਾਂ ‘ਤੇ ਹਨ ਕਿਉਂਕਿ ਭਾਜਪਾ ਨੇ ਅਜੇ ਸੰਗਰੂਰ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।