
ਚੋਣ ਜ਼ਾਬਤੇ ਦੌਰਾਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਆਪਣੇ ਨਾਲ ਵਾਧੂ ਨਕਦੀ ਤੇ ਸ਼ਰਾਬ ਨਾ ਲੈ ਕੇ ਆਉਣ। ਨਾਕਾਬੰਦੀ ਦੌਰਾਨ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾਵੇਗੀ, ਜਿਸ ਕਾਰਨ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਗੱਲ ਹਿਮਾਚਲ ਪ੍ਰਦੇਸ਼ ਪੁਲਸ ਦੇ ਡੀ. ਜੀ. ਪੀ. ਸੰਜੇ ਕੁੰਡੂ ਨੇ ਸ਼ੁੱਕਰਵਾਰ ਨੂੰ ਮੰਡੀ ਸੈਂਟਰਲ ਜ਼ੋਨ ਨਾਲ ਸਬੰਧਤ ਜ਼ਿਲਿਆਂ ’ਚ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਮੰਡੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀ।
ਡੀ. ਜੀ. ਪੀ. ਕੁੰਡੂ ਨੇ ਕਿਹਾ ਕਿ ਪੁਲਸ ਵਲੋਂ ਹਰ ਜ਼ਿਲੇ ’ਚ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ ’ਤੇ ਚੋਣਾਂ ਸਬੰਧੀ ਕੋਈ ਅਸ਼ਲੀਲ ਤੇ ਇਤਰਾਜ਼ਯੋਗ ਟਿੱਪਣੀਆਂ ਨਾ ਹੋਣ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਪੁਲਸ ਸਖ਼ਤ ਕਾਰਵਾਈ ਕਰੇਗੀ।