
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਫ਼ਲਸਫ਼ੇ ਉਪੱਰ ਡੱਟਵਾਂ ਪਹਿਰਾ ਦਿੰਦੇ ਹੋਏ ਲਾਸੀਓ ਸੂਬੇ ਦੇ ਪ੍ਰਸਿੱਧ ਤੇ ਪੁਰਾਣੇ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ ਰੋਮ ਦੀ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀ ਸਮੂਹ ਸੰਗਤ ਤੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 647ਵੇਂ ਆਗਮਨ ਪੁਰਬ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋੋਬਿੰਦ ਸਿੰਘ ਮਹਾਰਾਜ ਜੀਓ ਵੱਲੋਂ ਸਾਜੇ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਨੂੰ ਸਮਰਪਿਤ ਰਾਜਧਾਨੀ ਰੋਮ ਦੇ ਚੌਂਕ ਪਿਆਸਾ ਵਿਕਟੋਰੀਆ ਵਿਖੇ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਥਕ ਸ਼ਖ਼ਸੀਅਤਾਂ ਤੇ ਰਾਗੀ,ਢਾਡੀ,ਕੀਰਤਨੀਏ ਆਦਿ ਨੇ ਭਰਵੀਂ ਹਾਜ਼ਰੀ ਭਰੀ।
ਵਿਸ਼ਾਲ ਸਜੇ ਕੀਰਤਨ ਦਰਬਾਰ ਵਿੱਚ ਸਿਰਮੌਰ ਕਵੀਸ਼ਰ ਜੱਥਾ ਭਾਈ ਦਲਬੀਰ ਸਿੰਘ ਮਹਿਮਾਂ ਚੱਕ,ਭਾਈ ਸੁਖਵਿੰਦਰ ਸਿੰਘ ਤੇ ਭਾਈ ਤਰਮੇਸ ਸਿੰਘ ਯੂ ਕੇ ਵਾਲਿਆਂ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ।”ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ”ਨੂੰ ਅਮਲੀ ਜਾਮਾਂ ਪਹਿਨਾਉਂਦਾ ਹੋਇਆ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦਾ ਇਹ ਮਹਾਨ ਤੇ ਅਦਭੁੱਤ ਕੀਰਤਨ ਦਰਬਾਰ, ਜਿਸ ਵਿੱਚ ਸੰਗਤਾਂ ਕਾਫ਼ਲੀਆਂ ਦੇ ਰੂਪ ਵਿੱਚ ਵੱਡੇ ਹਜੂਮ ਦਾ ਹਿੱਸਾ ਬਣਦੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦੀਆਂ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ ਇੱਕ ਸਲਾਘਾਯੋਗ ਕਾਰਜ ਸੀ।