
ਭਾਰਤ ਵਿਚ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅਮਰੀਕਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ 13 ਲੱਖ 50 ਹਜ਼ਾਰ ਪ੍ਰਵਾਸੀਆਂ ਕੋਲ ਵੋਟ ਪਾਉਣ ਦਾ ਹੱਕ ਹੈ ਪਰ ਕੁਝ ਕਾਰਨਾਂ ਕਰ ਕੇ ਸਿਰਫ ਇਕ ਲੱਖ ਪ੍ਰਵਾਸੀਆਂ ਨੇ ਆਪਣਾ ਨਾਂ ਵੋਟਿੰਗ ਲਈ ਰਜਿਸਟਰਡ ਕਰਵਾਇਆ ਹੈ। ਕੈਨੇਡਾ ਰਹਿੰਦੇ ਪ੍ਰਮੋਦ ਛਾਬੜਾ ਇਨ੍ਹਾਂ ਵਿਚੋਂ ਇਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਡਾਲਰ ਕਿਰਾਇਆ ਖਰਚ ਕੇ ਕੋਈ ਨਹੀਂ ਜਾਣਾ ਚਾਹੁੰਦਾ।
ਪ੍ਰਮੋਦ ਛਾਬੜਾ ਮੁਤਾਬਕ ਜੇ ਸਫਰ ਸਿਰਫ ਤਿੰਨ-ਚਾਰ ਘੰਟੇ ਦਾ ਹੁੰਦਾ ਤਾਂ ਹਜ਼ਾਰਾਂ ਲੋਕ ਵੋਟ ਪਾਉਣ ਜਾ ਸਕਦੇ ਸਨ। ਅਜਿਹੇ ਵਿਚ ਭਾਰਤ ਸਰਕਾਰ ਨੂੰ ਫਿਲੀਪੀਨਜ਼ ਦੀ ਤਰਜ਼ ’ਤੇ ਵਿਦੇਸ਼ਾਂ ਵਿਚ ਹੀ ਵੋਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਸੀ.ਟੀ.ਵੀ ਦੀ ਰਿਪੋਰਟ ਮੁਤਾਬਕ ਓਟਾਵਾ ਦੇ ਇਕ ਕਮਿਊਨਿਟੀ ਗਰੁੱਪ ਦੇ ਪ੍ਰਧਾਨ ਪ੍ਰਮੋਦ ਛਾਬੜਾ ਨੇ ਕਿਹਾ ਕਿ ਭਾਰਤੀ ਸਿਆਸਤ ਵਿਚ ਉਨ੍ਹਾਂ ਨੂੰ ਕਾਫੀ ਦਿਲਚਸਪੀ ਹੈ ਪਰ ਆਉਣ ਜਾਣ ਵਿਚ ਲੱਗਣ ਵਾਲਾ ਸਮਾਂ ਅਤੇ ਪੈਸਾ ਵੱਡੇ ਅੜਿੱਕੇ ਬਣ ਜਾਂਦੇ ਹਨ। ਦੂਜੇ ਪਾਸੇ ਫਿਲੀਪੀਨਜ਼ ਵੱਲੋਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਨਾਗਰਿਕਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਕੈਨੇਡਾ ਜਾਂ ਦੁਨੀਆਂ ਦੇ ਕਿਸੇ ਵੀ ਮੁਲਕ ਵਿਚ ਰਹਿੰਦੇ ਫਿਲੀਪੀਨਜ਼ ਦੇ ਲੋਕ ਅੰਬੈਸੀਆਂ ਜਾਂ ਕੌਂਸਲੇਟਸ ਵਿਚ ਜਾ ਕੇ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿਤੀ ਗਈ ਹੈ।