
ਮੱਧ ਪ੍ਰਦੇਸ਼ ਦੇ ਛਤਰਪੁਰ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਛਤਰਪੁਰ ਵਿਚ ਬਹੁਜਨ ਸਮਾਜਵਾਦੀ ਪਾਰਟੀ (BSP) ਦੇ ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਲੱਗਣ ਮਗਰੋਂ ਗੁਪਤਾ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉੱਥੇ ਹੀ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਵਿਚ ਪੁਲਸ ਜੁੱਟੀ ਹੋਈ ਹੈ। ਦੱਸ ਦੇਈਏ ਕਿ ਬਸਪਾ ਆਗੂ ਮਹਿੰਦਰ ਗੁਪਤਾ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ 2023 ਬਿਜਾਵਰ ਹਲਕੇ ਤੋਂ ਲੜੀ ਸੀ।
ਛਤਰਪੁਰ ਦੇ SP ਅਮਿਤ ਸਾਂਘੀ ਨੇ ਕਿਹਾ ਕਿ ਸਿਵਲ ਲਾਈਨ ਥਾਣਾ ਖੇਤਰ ਛਤਰਪੁਰ ਦੇ ਸਾਗਰ ਰੋਡ ‘ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲਾਸ਼ ਦੀ ਸ਼ਨਾਖ਼ਤ ਈਸ਼ਾਨਗਰ ਦੇ ਰਹਿਣ ਵਾਲੇ ਮਹਿੰਦਰ ਗੁਪਤਾ ਦੇ ਰੂਪ ਵਿਚ ਹੋਈ ਹੈ। ਪੋਸਟਮਾਰਟਮ ਲਈ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਪੈਸ਼ਲ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿਚ ਐਡੀਸ਼ਨਲ ਸਮੇਤ 4 ਥਾਣਾ ਇੰਚਾਰਜ ਸ਼ਾਮਲ ਹਨ।
ਅਮਿਤ ਸਾਂਘੀ ਮੁਤਾਬਕ ਸਾਡੀ ਕੋਸ਼ਿਸ਼ ਹੈ ਕਿ ਅਪਰਾਧੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਪਹਿਲੀ ਨਜ਼ਰੇ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਰਾਣੀ ਦੁਸ਼ਮਣੀ ਹੋ ਸਕਦੀ ਹੈ, ਜੋ ਅੱਗੇ ਸਾਡੀ ਜਾਂਚ ਦਾ ਮੁੱਖ ਬਿੰਦੂ ਹੋਵੇਗੀ। ਪੁਲਸ ਨੇ ਕਿਹਾ ਕਿ ਅੱਗੇ ਦੀ ਜਾਂਚ ਚੱਲ ਰਹੀ ਹੈ।