
ਓਡੀਸ਼ਾ ‘ਚ ਭਾਜਪਾ ਦੇ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸੂਬੇ ਵਿਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਖਿਲਾਫ਼ ਸੱਤਾ ਵਿਰੋਧੀ ਬਹੁਤ ਮਜ਼ਬੂਤ ਲਹਿਰ ਵੇਖ ਰਹੇ ਹਾਂ, ਜਿਸ ਕਾਰਨ ਇਸ ਖੇਤਰੀ ਦਲ ਲਈ ਟਿਕੇ ਰਹਿਣਾ ਹੁਣ ਬਹੁਤ ਮੁਸ਼ਕਲ ਹੈ। ਚੋਣ ਪ੍ਰਚਾਰ ਲਈ ਪੂਰਬੀ ਸੂਬੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਰਾਤ ਇਕ ਇੰਟਰਵਿਊ ਵਿਚ ਕਿਹਾ ਕਿ ਲੋਕਾਂ ਨੇ ਓਡੀਸ਼ਾ ਵਿਚ ਬਦਲਾਅ ਦਾ ਮਨ ਬਣਾ ਲਿਆ ਹੈ। ਓਡੀਸ਼ਾ ਵਿਚ ਸੰਸਦੀ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਵਿਚ ਸਰਕਾਰ ਚੁਣਨ ਲਈ ਲੋਕ ਭਾਜਪਾ ਨੂੰ ਵੋਟ ਪਾਉਣਗੇ, ਜਦਕਿ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਖਿਲਾਫ਼ ਸੱਤਾ ਵਿਰੋਧੀ ਲਹਿਰ ਕਾਰਨ ਸਮਾਜ ਦਾ ਇਕ ਵਰਗ ਬੀਜਦ ਦੇ ਵਿਰੋਧ ਵਿਚ ਵੋਟਿੰਗ ਕਰੇਗਾ।
ਭਾਜਪਾ ਕੋਲ ਪਟਨਾਇਕ ਵਰਗਾ ਕੋਈ ਹਰਮਨਪਿਆਰਾ ਚਿਹਰਾ ਨਾ ਹੋਣ ਅਤੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ ‘ਤੇ ਇਸ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੇ ਭਰੋਸੇ ਦੇ ਆਧਾਰ ‘ਤੇ ਚੋਣਾਂ ਜਿੱਤਾਂਗੇ। ਭਾਵੇਂ ਸਾਡੇ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ, ਫਿਰ ਵੀ ਅਸੀਂ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਹਾਂ। ਅਸੀਂ ਲੋਕ ਸਭਾ ਚੋਣਾਂ ਵਿਚ ਵੀ (ਸੂਬੇ ਵਿਚ) ਦੂਜੇ ਨੰਬਰ ‘ਤੇ ਰਹੇ ਹਾਂ। ਮੇਰੀ ਪਾਰਟੀ ਨੇ ਪਿਛਲੇ ਪੰਜ ਸਾਲਾਂ ਵਿਚ ਦੂਜੇ ਸਥਾਨ ਤੋਂ ਪਹਿਲੇ ਸਥਾਨ ‘ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।