ਕਰਨਾਟਕ ਦੇ ਵਿਜਯਾਪੁਰ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਾਚਯਾਨ ਪਿੰਡ ‘ਚ ਬੋਰਵੈੱਲ ‘ਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਕਰੀਬ 20 ਸਖ਼ਤ ਮੁਸ਼ੱਕਤ ਮਗਰੋਂ ਸੁਰੱਖਿਅਤ ਬਚਾਅ ਲਿਆ ਗਿਆ। ਪੁਲਸ ਮੁਤਾਬਕ ਬਚਾਅ ਮੁਹਿੰਮ ਦੌਰਾਨ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਗਈ ਸੀ। ਬੋਰਵੈੱਲ ਦੇ ਅੰਦਰ 16 ਫੁੱਟ ਦੀ ਡੂੰਘਾਈ ਵਿਚ ਫਸੇ ਬੱਚੇ ਸਾਤਵਿਕ ਸਤੀਸ਼ ਮੁਜਾਗੋਂਡ ਨੂੰ ਸੁਰੱਖਿਅਤ ਬਾਹਰ ਕੱਢ ਕੇ ਲਿਆਉਂਦੇ ਹੋਏ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਨੂੰ ਤੁਰੰਤ ਇਕ ਮੈਡੀਕਲ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਤਾਇਨਾਤ ਐਂਬੂਲੈਂਸ ਵਿਚ ਲਿਜਾਇਆ ਗਿਆ। NDRF ਅਤੇ SDRF ਨੇ ਬਚਾਅ ਮੁਹਿੰਮ ਨੂੰ ਅੰਜ਼ਾਮ ਦਿੱਤਾ।
ਬਚਾਅ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਦਿੱਸ ਰਿਹਾ ਹੈ ਕਿ ਕਿਵੇਂ ਅਧਿਕਾਰੀਆਂ ਨੇ ਬੱਚੇ ਤੱਕ ਪਹੁੰਚਣ ਅਤੇ ਉਸ ਨੂੰ ਬਾਹਰ ਕੱਢਣ ਲਈ ਜ਼ਮੀਨ ਦੀ ਖੋਦਾਈ ਕੀਤੀ। ਇਸ ਆਪ੍ਰੇਸ਼ਨ ਨੂੰ NDRF ਅਤੇ SDRF ਦੀਆਂ ਟੀਮਾਂ ਨੇ ਅੰਜ਼ਾਮ ਦਿੱਤਾ ਹੈ। ਅਧਿਕਾਰੀ 18 ਘੰਟੇ ਬਾਅਦ ਬੱਚੇ ਤੱਕ ਪਹੁੰਚ ਗਏ ਸਨ ਪਰ ਉਹ ਦੋ ਚੱਟਾਨਾਂ ਵਿਚਾਲੇ ਫਸ ਗਿਆ ਸੀ ਅਤੇ ਉਸ ਨੂੰ ਬਾਹਰ ਕੱਢਣ ਵਿਚ 2 ਘੰਟੇ ਹੋਰ ਖੋਦਾਈ ਕਰਨੀ ਪਈ।