
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਹਾਲ ਹੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਤੋਹਫੇ ਵਿੱਚ ਦਿੱਤੀ ਗਈ ਲਗਜ਼ਰੀ ਕਾਰ ਲਿਮੋਜ਼ਿਨ ਵਿੱਚ ਯਾਤਰਾ ਕੀਤੀ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਮ ਦੀ ਭੈਣ ਨੇ ਕਾਰ ਦੀਆਂ ‘ਖਾਸੀਅਤਾਂ’ ਅਤੇ ਦੋਵਾਂ ਦੇਸ਼ਾਂ ਦੇ ਡੂੰਘੇ ਹੋ ਰਹੇ ਦੁਵੱਲੇ ਸਬੰਧਾਂ ਦੀ ਤਾਰੀਫ ਕੀਤੀ। ਪੁਤਿਨ ਨੇ ਫਰਵਰੀ ਵਿੱਚ ਕਿਮ ਨੂੰ ਇੱਕ ਮਹਿੰਗੀ ਔਰਸ ਸੈਨੇਟ ਲਿਮੋਜ਼ਿਨ ਭੇਜੀ ਸੀ। ਉਨ੍ਹਾਂ ਨੇ ਸਤੰਬਰ ਵਿੱਚ ਰੂਸ ਵਿੱਚ ਇੱਕ ਸਿਖਰ ਸੰਮੇਲਨ ਲਈ ਮੁਲਾਕਾਤ ਦੌਰਾਨ ਇਹ ਕਾਰ ਉੱਤਰੀ ਕੋਰੀਆ ਦੇ ਨੇਤਾ ਨੂੰ ਦਿਖਾਈ ਸੀ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਭੇਜਣਾ ਸੰਯੁਕਤ ਰਾਸ਼ਟਰ ਦੇ ਮਤੇ ਦੀ ਉਲੰਘਣਾ ਹੈ। ਸੰਯੁਕਤ ਰਾਸ਼ਟਰ ਦੇ ਇਸ ਮਤੇ ਦਾ ਉਦੇਸ਼ ਉੱਤਰੀ ਕੋਰੀਆ ਨੂੰ ਲਗਜ਼ਰੀ ਸਮਾਨ ਦੀ ਸਪਲਾਈ ‘ਤੇ ਪਾਬੰਦੀ ਲਗਾ ਕੇ ਉਸ ‘ਤੇ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਛੱਡਣ ਲਈ ਦਬਾਅ ਬਣਾਉਣਾ ਹੈ।
ਸ਼ਨੀਵਾਰ ਨੂੰ ਸਰਕਾਰੀ ਮੀਡੀਆ ਵੱਲੋਂ ਦਿੱਤੇ ਗਏ ਇੱਕ ਬਿਆਨ ਵਿੱਚ, ਕਿਮ ਦੀ ਭੈਣ ਅਤੇ ਸੀਨੀਅਰ ਅਧਿਕਾਰੀ ਕਿਮ ਯੋ ਜੋਂਗ ਨੇ ਕਿਹਾ ਕਿ ਉਸਦੇ ਭਰਾ ਨੇ ਇੱਕ ਇਵੈਂਟ ਦੌਰਾਨ ਪਹਿਲੀ ਵਾਰ ਲਿਮੋਜ਼ਿਨ ਵਿੱਚ ਯਾਤਰਾ ਕੀਤੀ। ਉਨ੍ਹਾਂ ਕਿਹਾ, ”ਕਿਮ ਜੋਂਗ ਉਨ ਵੱਲੋਂ ਰਸ਼ੀਅਨ ਫੈਡਰੇਸ਼ਨ ਦੇ ਰਾਸ਼ਟਰਪਤੀ ਵੱਲੋਂ ਤੋਹਫ਼ੇ ਵਜੋਂ ਭੇਜੀ ਗਈ ਨਿੱਜੀ ਕਾਰ ਦੀ ਵਰਤੋਂ ਕਰਨਾ ਉੱਤਰੀ ਕੋਰੀਆ-ਰੂਸ ਦੀ ਦੋਸਤੀ ਦਾ ਸਪੱਸ਼ਟ ਸਬੂਤ ਹੈ ਜੋ ਵਿਆਪਕ ਤੌਰ ‘ਤੇ ਨਵੇਂ ਉੱਚੇ ਪੱਧਰ ‘ਤੇ ਵਿਕਸਤ ਹੋ ਰਹੀ ਹੈ।” ਰੂਸੀ ਰਾਜ ਮੀਡੀਆ ਅਨੁਸਾਰ, ਔਰਸ ਰੂਸ ਦਾ ਪਹਿਲਾ ਲਗਜ਼ਰੀ ਕਾਰ ਬ੍ਰਾਂਡ ਹੈ ਅਤੇ ਪੁਤਿਨ ਦੁਆਰਾ 2018 ਵਿੱਚ ਪਹਿਲੀ ਵਾਰ ਇਸਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਇਸ ਦਾ ਚੋਟੀ ਦੇ ਅਧਿਕਾਰੀਆਂ ਦੇ ਵਾਹਨਾਂ ਦੇ ਕਾਫਲੇ ਵਿਚ ਇਸਤੇਮਾਰ ਕੀਤਾ ਜਾਂਦਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਕਿਮ (40) ਕੋਲ ਵਿਦੇਸ਼ ਵਿਚ ਬਣੀਆਂ ਮਹਿੰਗੀਆਂ ਕਾਰਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਨੂੰ ਤਸਕਰੀ ਕਰਕੇ ਉਨ੍ਹਾਂ ਦੇ ਦੇਸ਼ ਲਿਆਂਦਾ ਗਿਆ ਹੈ।